ਨਵੀਂ ਦਿੱਲੀ, 8 ਜੂਨ
ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਕੋਈ ਮੁਸਾਫਿਰ ਚਿਤਾਵਨੀ ਦੇ ਬਾਵਜੂਦ ਜਹਾਜ਼ ਵਿੱਚ ਮਾਸਕ ਨਹੀਂ ਪਹਿਨਦਾ ਤਾਂ ਜਹਾਜ਼ ਉੱਡਣ ਤੋਂ ਪਹਿਲਾਂ ਉਸ ਨੂੰ ਜਹਾਜ਼ ’ਚੋਂ ਉਤਾਰ ਦਿੱਤਾ ਜਾਵੇ। ਡੀਜੀਸੀਏ ਵੱਲੋਂ ਜਾਰੀ ਸਰਕੁਲਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਮੁਸਾਫਿਰ ਮਾਸਕ ਪਹਿਨਣ ਤੋਂ ਇਨਕਾਰੀ ਹੈ ਤਾਂ ਹਵਾਈ ਅੱਡੇ ਦੇ ਅਧਿਕਾਰੀ ਸਥਾਨਕ ਪੁਲੀਸ ਜਾਂ ਸੁਰੱਖਿਆ ਏਜੰਸੀਆਂ ਦੀ ਮਦਦ ਵੀ ਲੈ ਸਕਦੇ ਹਨ। ਇਹ ਵੀ ਹਦਾਇਤ ਦਿੱਤੀ ਗਈ ਹੈ ਕਿ ਮਾਸਕ ਨਾ ਪਹਿਨਣ ਵਾਲੇ ਮੁਸਾਫਿਰਾਂ ਨੂੰ ਜੁਰਮਾਨੇ ਵੀ ਕੀਤੇ ਜਾਣ। ਇਹ ਸਰਕੁਲਰ ਦਿੱਲੀ ਹਾਈ ਕੋਰਟ ਦੇ 3 ਜੂਨ ਦੇ ਉਨ੍ਹਾਂ ਹੁਕਮਾਂ ਦੇ ਮੱਦੇਨਜ਼ਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਡੀਜੀਸੀਏ ਮਾਸਕ ਨਾ ਪਹਿਨਣ ਵਾਲੇ ਮੁਸਾਫਰਾਂ ਖ਼ਿਲਾਫ਼ ਕਾਰਵਾਈ ਲਈ ਆਪਣੇ ਅਧਿਕਾਰੀਆਂ ਨੂੰ ਵੱਖਰੇ ਹੁਕਮ ਜਾਰੀ ਕਰੇ। -ਪੀਟੀਆਈ