ਮੁੰਬਈ, 13 ਮਾਰਚ
ਹਵਾਈ ਜਹਾਜ਼ਾਂ ’ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਕੋਵਿਡ-19 ਪ੍ਰੋਟੋਕਾਲ ਸਖ਼ਤੀ ਨਾਲ ਲਾਗੂ ਕਰਨ ਦੀ ਹਦਾਇਤ ਕਰਦਿਆਂ ਡੀਜੀਸੀਏ ਨੇ ਏਅਰਲਾਈਨਜ਼ ਨੂੰ ਕਿਹਾ ਹੈ ਕਿ ਜੇਕਰ ਕਿਸੇ ਮੁਸਾਫ਼ਰ ਨੇ ਚਿਤਾਵਨੀਆਂ ਦੇ ਬਾਵਜੂਦ ਸਹੀ ਢੰਗ ਨਾਲ ਮਾਸਕ ਨਹੀਂ ਪਾਇਆ ਹੈ ਤਾਂ ਉਸ ਨੂੰ ਜਹਾਜ਼ ’ਚੋਂ ਉਤਾਰ ਦਿੱਤਾ ਜਾਵੇ। ਸ਼ਹਿਰੀ ਹਵਾਬਾਜ਼ੀ ਮਾਮਲਿਆਂ ਬਾਰੇ ਡਾਇਰੈਕਟੋਰੇਟ ਜਨਰਲ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਹਵਾਈ ਸਫ਼ਰ ਦੌਰਾਨ ਸਮਾਜਿਕ ਦੂਰੀ ਦੇ ਨੇਮਾਂ ਦਾ ਵੀ ਪਾਲਣ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨੇਮਾਂ ਦਾ ਪਾਲਣ ਨਹੀਂ ਕਰਦਾ ਹੈ ਤਾਂ ਉਸ ਨਾਲ ਕਾਨੂੰਨ ਮੁਤਾਬਕ ਨਜਿੱਠਿਆ ਜਾ ਸਕਦਾ ਹੈ। -ਪੀਟੀਆਈ