ਨਵੀਂ ਦਿੱਲੀ: ਪ੍ਰਧਾਨ ਮੰਤਰੀ ਦਫ਼ਤਰ ਨੇ ਇੰਡੋ-ਤਿੱਬਤਨ ਬਾਰਡਰ ਪੁਲੀਸ ਵੱਲੋਂ ਦਿੱਲੀ ਵਿਚ ਚਲਾਏ ਜਾ ਰਹੇ ਇਕ ਕੋਵਿਡ ਕੇਅਰ ਸੈਂਟਰ ਲਈ ਪੀਐੱਮ ਕੇਅਰਜ਼ ਫੰਡ ’ਚੋਂ 150 ਮੈਡੀਕਲ ਵੈਂਟੀਲੇਟਰ ਮਸ਼ੀਨਾਂ ਮੁਹੱਈਆ ਕਰਵਾਈਆਂ ਹਨ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਆਈਟੀਬੀਪੀ ਦੇ ਅਧਿਕਾਰੀਆਂ ਵੱਲੋਂ ਉਪਲੱਬਧ ਕਰਵਾਈ ਗਈ ਪੱਤਰ ਦੀ ਕਾਪੀ ਮੁਤਾਬਕ ਪ੍ਰਧਾਨ ਮੰਤਰੀ ਦੇ ਸਲਾਹਕਾਰ ਭਾਸਕਰ ਖੁਲਬੇ ਨੇ ਇਸ ਸਬੰਧ ਵਿਚ ਕੇਂਦਰੀ ਸਿਹਤ ਮੰਤਰਾਲੇ ਨੂੰ ਲਿਖਿਆ ਹੈ। ਦੱਖਣੀ ਦਿੱਲੀ ਦੇ ਛਤਰਪੁਰ ਖੇਤਰ ਵਿਚ ਰਾਧਾ ਸਵਾਮੀ ਬਿਆਸ ਕੈਂਪਸ ਵਿਚ 26 ਅਪਰੈਲ ਨੂੰ ਸ਼ੁਰੂ ਹੋਏ ਸਰਦਾਰ ਪਟੇਲ ਕੋਵਿਡ ਕੇਅਰ ਸੈਂਟਰ ਵਿਚ ਜੀਪੀਐੱਸ ਨਾਲ ਲੈਸ 150 ਵੈਂਟੀਲੇਟਰ ਲਗਾਏ ਜਾਣਗੇ। ਪੀਐੱਮਓ ਦੇ ਪੱਤਰ ਅਨੁਸਾਰ ਇਹ ਵੈਂਟੀਲੇਟਰ ਛੇ ਮਹੀਨਿਆਂ ਦੇ ਕਰਜ਼ਾ ਆਧਾਰ ’ਤੇ ਪੀਐੱਮ ਕੇਅਰਜ਼ ਫੰਡ ’ਚੋਂ ਉਪਲੱਬਧ ਕਰਵਾਏ ਜਾਣਗੇ। ਪੀਐੱਮਓ ਨੇ ਸਿਹਤ ਮੰਤਰਾਲੇ ਨੂੰ ਤੁਰੰਤ ਪ੍ਰਭਾਵ ਤੋਂ ਇਹ ਵੈਂਟੀਲੇਟਰ ਸਥਾਪਤ ਕਰਨ ਲਈ ਕਿਹਾ ਹੈ। ਇਸੇ ਦੌਰਾਨ ਵਣਜ ਮੰਤਰਾਲੇ ਨੇ ਅੱਜ ਕਿਹਾ ਕਿ ਉਸ ਨੇ ਨਿੱਜੀ ਵਰਤੋਂ ਲਈ ਈ-ਕਾਮਰਸ ਪੋਰਟਲ ਤੋਂ ਡਾਕ ਜਾਂ ਕੁਰੀਅਰ ਰਾਹੀਂ ਆਕਸੀਜਨ ਕੰਸਨਟਰੇਟਰ ਦੀ ਦਰਾਮਦ ਨੂੰ ਇਜਾਜ਼ਤ ਦੇ ਦਿੱਤੀ ਹੈ। ਦੇਸ਼ ’ਚ ਕੋਵਿਡ-19 ਦੇ ਵੱਧਦੇ ਕੇਸਾਂ ਵਿਚਾਲੇ ਆਕਸੀਜਨ ਕੰਸਨਟਰੇਟਰ ਨੂੰ ਛੋਟ ਪ੍ਰਾਪਤ ਵਰਗ ’ਚ ਸ਼ਾਮਲ ਕੀਤਾ ਗਿਆ ਹੈ। ਸਰਕਾਰ ਨੇ ਕਿਹਾ ਕਿ ਆਕਸੀਜਨ ਦੀ ਵਰਤੋਂ ਕਰਨ ਵਾਲਿਆਂ ਲਈ ਇਹ ਛੋਟ ਸਿਰਫ਼ ਨਿੱਜੀ ਵਰਤੋਂ ਲਈ 31 ਜੁਲਾਈ 2021 ਤੱਕ ਦਿੱਤੀ ਗਈ ਹੈ। -ਪੀਟੀਆਈ