ਨਵੀਂ ਦਿੱਲੀ, 3 ਜਨਵਰੀ
ਆਗਾਮੀ ਚੋਣਾਂ ਵਾਲੇ ਪੰਜ ਸੂਬਿਆਂ ਵਿੱਚ ਪਿਛਲੇ ਦਿਨਾਂ ’ਚ ਕੋਵਿਡ-19 ਹਾਲਾਤ ਦਾ ਜਾਇਜ਼ਾ ਲੈਣ ਮਗਰੋਂ ਚੋਣ ਕਮਿਸ਼ਨ ਨੇ ਇਨ੍ਹਾਂ ਰਾਜਾਂ ਨੂੰ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਦਾ ਘੇਰਾ ਵਧਾਉਣ ਲਈ ਕਿਹਾ ਹੈ। ਕਮਿਸ਼ਨ ਨੇ ਕਿਹਾ ਕਿ ਚੋਣ ਡਿਊਟੀ ’ਤੇ ਤਾਇਨਾਤ ਅਮਲੇ ਦਾ ‘ਮੁਕੰਮਲ ਟੀਕਾਕਰਨ’ ਯਕੀਨੀ ਬਣਾਇਆ ਜਾਵੇ। ਇਸ ਦੌਰਾਨ 15 ਤੋਂ 18 ਸਾਲ ਉਮਰ ਵਰਗ ਦੇ ਅੱਲ੍ਹੜਾਂ ਨੂੰ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਦਾ ਅਮਲ ਦੇਸ਼ ਭਰ ਵਿੱਚ ਸ਼ੁਰੂ ਹੋ ਗਿਆ। ਅੱਜ ਪਹਿਲੇ ਦਿਨ ਇਸ ਉਮਰ ਵਰਗ ਵਿੱਚ ਆਉਂਦੇ ਲੱਖਾਂ ਅੱਲ੍ਹੜਾਂ ਨੇ ਨਿਰਧਾਰਿਤ ਕੇਂਦਰਾਂ/ਹਸਪਤਾਲਾਂ ਵਿੱਚ ਜਾ ਕੇ ਟੀਕੇ ਲਗਵਾਏ। ਟੀਕਾਕਰਨ ਲਈ ਰਜਿਸਟਰੇਸ਼ਨ ਦਾ ਅਮਲ ਪਹਿਲੀ ਜਨਵਰੀ ਤੋਂ ਸ਼ੁਰੂ ਹੋਇਆ ਸੀ ਤੇ ਸੋਮਵਾਰ ਰਾਤ 8:30 ਵਜੇ ਤੱਕ 51 ਲੱਖ ਤੋਂ ਵੱਧ ਨੌਜਵਾਨਾਂ ਨੇ ‘ਕੋਵਿਨ’ ਪੋਰਟਲ ਜ਼ਰੀਏ ਰਜਿਸਟਰੇਸ਼ਨ ਦਾ ਅਮਲ ਪੂਰਾ ਕਰ ਲਿਆ ਸੀ। ਰਾਤ 8 ਵਜੇ ਤੱਕ 40 ਲੱਖ ਤੋਂ ਵੱਧ ਬੱਚਿਆਂ ਨੂੰ ‘ਕੋਵੈਕਸੀਨ’ ਦਾ ਪਹਿਲਾ ਟੀਕਾ ਲੱਗਣ ਦੀਆਂ ਰਿਪੋਰਟਾਂ ਹਨ। ਇਕ ਅਨੁਮਾਨ ਮੁਤਾਬਕ 15 ਤੋਂ 18 ਸਾਲ ਉਮਰ ਵਰਗ ਵਿੱਚ 7.4 ਕਰੋੜ ਬੱਚੇ ਆਉਂਦੇ ਹਨ।
ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਤੇ ਮਨੀਪੁਰ ਦੇ ਮੁੱਖ ਸਕੱਤਰਾਂ ਨੂੰ ਹਾਲ ਹੀ ਵਿੱਚ ਲਿਖੇ ਪੱਤਰ ਵਿੱਚ ਯਾਦ ਕਰਵਾਇਆ ਹੈ ਕਿ ਚੋਣ ਅਮਲਾ ਮੂਹਰਲੀ ਕਤਾਰ ਦੇ ਕਾਮਿਆਂ ਦੇ ਵਰਗ ਵਿੱਚ ਆਉਂਦਾ ਹੈ, ਜਿਸ ਕਰਕੇ ਉਹ ਕੋਵਿਡ ਵੈਕਸੀਨ ਦੀ ‘ਇਹਤਿਆਤੀ ਡੋਜ਼’ ਲਈ ਯੋਗ ਹਨ। ਸੂਤਰਾਂ ਨੇ ਪੱਤਰ ਦੇ ਹਵਾਲੇ ਨਾਲ ਕਿਹਾ ਕਿ ਚੋਣ ਡਿਊਟੀ ’ਤੇ ‘ਮੁਕੰਮਲ ਟੀਕਾਕਰਨ’ ਵਾਲੇ ਚੋਣ ਅਮਲੇ ਨੂੰ ਹੀ ਤਾਇਨਾਤ ਕੀਤਾ ਜਾਵੇ ਅਤੇ ਜਿਨ੍ਹਾਂ ਵਿਅਕਤੀਆਂ ਦੇ ਦੂਜੀ ਖੁਰਾਕ ਲੱਗਣ ਵਾਲੀ ਹੈ, ਉਨ੍ਹਾਂ ਨੂੰ ਤਰਜੀਹੀ ਆਧਾਰ ’ਤੇ ਟੀਕੇ ਲਾਏ ਜਾਣ। ਚੋਣ ਕਮਿਸ਼ਨ ਵੱਲੋਂ ਪੰਜ ਰਾਜਾਂ ਲਈ ਚੋਣ ਤਰੀਕਾਂ ਦਾ ਐਲਾਨ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾ ਸਕਦਾ ਹੈ। ਉਧਰ ਵਕੀਲਾਂ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਓਮੀਕਰੋਨ ਤੋਂ ਦਰਪੇਸ਼ ਖ਼ਤਰਾ ਟਲਣ ਤੱਕ ਪੰਜ ਰਾਜਾਂ ਦੀਆਂ ਆਗਾਮੀ ਚੋਣਾਂ ਮੁਲਤਵੀ ਕੀਤੇ ਜਾਣ ਦੀ ਅਪੀਲ ਕੀਤੀ ਹੈ। ਵਕੀਲਾਂ ਨੇ ਪੱਤਰ ਵਿੱਚ ਸੰਵਿਧਾਨ ਦੀ ਧਾਰਾ 21 ਦਾ ਹਵਾਲਾ ਦਿੱਤਾ ਹੈ, ਜੋ ਜਿਊਣ ਦਾ ਹੱਕ ਦਿੰਦੀ ਹੈ। ਇਸ ਦੌਰਾਨ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਨਾਲ ਸਬੰਧਤ ਕੇਸਾਂ ਦੀ ਗਿਣਤੀ ਵੱਧ ਕੇ 1700 ਹੋ ਗਈ ਹੈ, ਜੋ ਕਿ 23 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਰਿਪੋਰਟ ਹੋਏ ਹਨ। ਇਨ੍ਹਾਂ ਵਿੱਚੋਂ 639 ਮਰੀਜ਼ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਜਾਂ ਫਿਰ ਇਥੋਂ ਪਰਵਾਸ ਕਰ ਗਏ ਹਨ। 510 ਦੇ ਅੰਕੜੇ ਨਾਲ ਸਭ ਤੋਂ ਵਧ ਕੇਸ ਮਹਾਰਾਸ਼ਟਰ ਵਿੱਚ ਰਿਕਾਰਡ ਕੀਤੇ ਗਏ ਹਨ। ਉਂਜ ਪਿਛਲੇ 24 ਘੰਟਿਆਂ ਦੌਰਾਨ 33,750 ਸੱਜਰੇ ਕੇਸਾਂ (ਡੈਲਟਾ ਤੇ ਹੋਰ ਸਰੂਪ) ਨਾਲ ਦੇਸ਼ ਵਿੱਚ ਕੋਵਿਡ ਕੇਸਾਂ ਦੀ ਕੁੱਲ ਗਿਣਤੀ 3,49,22,882 ਨੂੰ ਪੁੱਜ ਗਈ ਹੈੈ। -ਪੀਟੀਆਈ
ਕੇਂਦਰ ਵੱਲੋਂ 50 ਫੀਸਦ ਸਟਾਫ਼ ਨੂੰ ਘਰੋਂ ਕੰਮ ਕਰਨ ਦੀ ਖੁੱਲ੍ਹ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕਰੋਨਾਵਾਇਰਸ ਦੇ ਵਧਦੇ ਕੇਸਾਂ ਦਰਮਿਆਨ ਅੰਡਰ ਸੈਕਟਰੀ ਪੱਧਰ ਦੇ ਆਪਣੇ 50 ਫੀਸਦ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਦੀ ਖੁੱਲ੍ਹ ਦੇ ਦਿੱਤੀ ਹੈ। ਅਮਲਾ ਮੰਤਰਾਲਾ ਵੱਲੋਂ ਜਾਰੀ ਹੁਕਮਾਂ ਮੁਤਾਬਕ ਦਿਵਿਆਂਗਾਂ ਤੇ ਗਰਭਵਤੀ ਮਹਿਲਾ ਮੁਲਾਜ਼ਮਾਂ ਨੂੰ ਦਫ਼ਤਰਾਂ ਵਿੱਚ ਆਉਣ ਤੋਂ ਛੋਟ ਰਹੇਗੀ। ਸਰਕਾਰੀ ਅਧਿਕਾਰੀ/ਸਟਾਫ਼ ਭੀੜ ਘਟਾਉਣ ਲਈ ਵੱਖੋ ਵੱਖਰੇ ਸਮਿਆਂ ’ਤੇ ਦਫ਼ਤਰ ਆਉਣਗੇ। -ਪੀਟੀਆਈ