ਬੰਗਲੂਰੂ, 19 ਜੁਲਾਈ
ਕਾਂਗਰਸ ਆਗੂ ਰਾਹੁਲ ਗਾਂਧੀ ਖਿਲਾਫ਼ ਅਪਮਾਨਜਨਕ ਵੀਡੀਓ ਪੋਸਟ ਕਰਨ ਲਈ ਭਾਜਪਾ ਦੇ ਸੋਸ਼ਲ ਮੀਡੀਆ ਵਿੰਗ ਦੇ ਰਾਸ਼ਟਰੀ ਪ੍ਰਧਾਨ ਅਮਿਤ ਮਾਲਵੀਆ ਖਿਲਾਫ਼ ਦਰਜ ਕੇਸ ਵਿੱਚ ਚੱਲ ਰਹੀ ਜਾਂਚ ’ਤੇ ਕਰਨਾਟਕ ਹਾਈ ਕੋਰਟ ਨੇ ਅੰਤਰਿਮ ਰੋਕ ਲਾ ਦਿੱਤੀ ਹੈ। ਮਾਲਵੀਆ ਨੇ ਆਪਣੇ ਖਿਲਾਫ਼ ਸ਼ਹਿਰ ਦੇ ਹਾਈ ਗਰਾਊਂਡਜ਼ ਪੁਲੀਸ ਥਾਣੇ ਵਿੱਚ ਦਰਜ ਕੇਸ ਰੱਦ ਕੀਤੇ ਜਾਣ ਦੀ ਮੰਗ ਕੀਤੀ ਸੀ। ਜਸਟਿਸ ਐੱਮ.ਨਾਗਾਪ੍ਰਸੰਨਾ ਨੇ ਕੇਸ ਦੀ ਜਾਂਚ ’ਤੇ ਅੰਤਰਿਮ ਰੋਕ ਲਾਉਂਦਿਆਂ ਸੂਬਾ ਸਰਕਾਰ ਨੂੰ ਆਪਣੇ ਇਤਰਾਜ਼ ਦਾਖ਼ਲ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਮਾਲਵੀਆ ਨੇ 17 ਜੂਨ ਨੂੰ ਆਪਣੇ ਟਵਿੱਟਰ ਖਾਤੇ ’ਤੇ ਵੀਡੀਓ ਪੋਸਟ ਕੀਤਾ ਸੀ, ਤੇ ਹੇਠਾਂ ਕੈਪਸ਼ਨ ਲਿਖੀ ਸੀ ‘ਰਾਹੁਲ ਗਾਂਧੀ ਵਿਦੇਸ਼ੀ ਤਾਕਤੋਂ ਕਾ ਮੋਹਰਾ?’। ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਚਾਰ ਵਿਭਾਗ ਦੇ ਕੋ-ਚੇਅਰਮੈਨ ਰਮੇਸ਼ ਬਾਬੂ ਦੀ ਸ਼ਿਕਾਇਤ ’ਤੇ 27 ਜੁੂਨ ਨੂੰ ਉਪਰੋਕਤ ਥਾਣੇ ਵਿੱਚ ਮਾਲਵੀਆ ਖਿਲਾਫ ਕੇਸ ਦਰਜ ਕੀਤਾ ਗਿਆ ਸੀ। -ਪੀਟੀਆਈ