ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਨਵੰਬਰ
ਦਿੱਲੀ ਦੇ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ ਅਤੇ ਰੰਗ ਕਰਮੀਆਂ ਨੇ ਕਿਸਾਨਾਂ ਉਤੇ ਕਿਰਤੀਆਂ ਦੇ ਸੰਘਰਸ਼ ਨੂੰ ਹਮਾਇਤ ਦੇਣ ਦਾ ਫੈਸਲਾ ਕੀਤਾ ਹੈ। ਇੱਕ ਸਾਂਝੇ ਬਿਆਨ ਵਿਚ ਇਨ੍ਹਾਂ ਕਿਹਾ ਹੈ ਕਿ ਭਾਵੇਂ ਉਹ ਆਪਣੀਆਂ ਰਚਨਾਵਾਂ ਅਤੇ ਕਲਾ-ਕ੍ਰਿਤਾਂ ਰਾਹੀਂ ਇਨ੍ਹਾਂ ਵਰਗਾਂ ਦੀ ਹੀ ਗੱਲ ਕਰਦੇ ਹਨ ਪਰ ਇਸ ਮੁਸ਼ਕਿਲ ਦੀ ਘੜੀ ਵਿੱਚ ਭੌਤਿਕ ਤੌਰ ’ਤੇ ਵੀ ਇੱਕ-ਮੁੱਠ ਹਨ ਤੇ ਦੇਸ਼ ਦੇ ਅੰਨਦਾਤਿਆਂ ਨਾਲ ਚੱਟਾਨ ਵਾਂਗ ਖੜ੍ਹੇ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿੱਦ ਤਿਆਗ ਕੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨਾਲ ਮਿਲ ਬੈਠ ਕੇ ਇਸ ਮਸਲੇ ਦਾ ਹੱਲ ਲੱਭਣ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਨੇ ਕੋਈ ਮੰਗ ਹੀ ਨਹੀਂ ਰੱਖੀ ਸੀ ਤਾਂ ਸਰਕਾਰ ਨੂੰ ਇਹ ਬਿੱਲ ਲਿਆਉਣ ਦੀ ਕੀ ਮਜਬੂਰੀ ਸੀ। ਸਰਕਾਰਾਂ ਨੂੰ ਕਿਸਾਨਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਉਠਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਦੀ ਤਾਕਤ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ। ਇਨ੍ਹਾਂ ਲੇਖਕਾਂ, ਪੱਤਰਕਾਰਾਂ ਤੇ ਰੰਗ ਕਰਮੀਆਂ ਵਿਚ ਗੁਰਬਚਨ ਸਿੰਘ ਭੁੱਲਰ, ਡਾ. ਮੋਹਨਜੀਤ, ਡਾ. ਵਨੀਤਾ, ਨਛੱਤਰ, ਡਾ. ਕਰਨਜੀਤ ਸਿੰਘ, ਪ੍ਰੋ. ਰਣਜੀਤ ਸਿੰਘ, ਸੁਭਾਸ਼ ਨੀਰਵ, ਕਵੀ ਗੁਰਚਰਨ ਸਿੰਘ, ਦਰਸ਼ਨ ਸਿੰਘ ਹਰਵਿੰਦਰ, ਚਰਨਜੀਤ ਸਿੰਘ ਰਾਹੀ, ਬਲਬੀਰ ਮਾਧੋਪੁਰੀ, ਡਾ. ਰਵੇਲ ਸਿੰਘ, ਰਵੀ ਤਨੇਜਾ, ਹਰਵਿੰਦਰ ਸਿੰਘ, ਜੁਗਿੰਦਰ ਅਮਰ, ਰੰਗ ਕਰਮੀ ਤਰਸੇਮ ਆਦਿ ਸ਼ਾਮਲ ਹਨ।
ਪੰਜਾਬੀ ਗਾਇਕਾਂ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਸਮਰਥਨ
ਚੰਡੀਗੜ੍ਹ: ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ ਪੰਜ ਦਿਨਾਂ ਤੋਂ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਸਿੱਧੂ ਮੂਸੇਵਾਲਾ ਅਤੇ ਬੱਬੂ ਮਾਨ ਸਮੇਤ ਕਈ ਪੰਜਾਬੀ ਗਾਇਕਾਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਗਾਇਕ ਕੰਵਰ ਗਰੇਵਾਲ ਅਤੇ ਹਰਫ਼ ਚੀਮਾ ਵੀ ਇਸ ਅੰਦੋਲਨ ’ਚ ਹਿੱਸਾ ਲੈ ਰਹੇ ਹਨ। ਅੱਜ ਟਿਕਰੀ ਬਾਰਡਰ ’ਤੇ ਪੁੱਜੇ ਗਾਇਕ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਕੰਵਰ ਗਰੇਵਾਲ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਨੂੰ ਵੱਧ ਤੋਂ ਵੱਧ ਸਮਰਥਨ ਦੇਣ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਇੱਕ ਹੋਰ ਗਾਇਕ ਨਾਲ ਮਿਲ ਕੇ ਇੱਕ ਗੀਤ ਵੀ ਗਾਇਆ ਹੈ, ਜਿਸ ਰਾਹੀਂ ਉਹ ਕਿਸਾਨਾਂ ਨੂੰ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਦਿੱਲੀ ਜਾਣ ਲਈ ਆਖ ਰਹੇ ਹਨ। -ਪੀਟੀਆਈ
ਖਾਪ ਪੰਚਾਇਤਾਂ ਅੱਜ ਤੋਂ ਕਿਸਾਨ ਅੰਦੋਲਨ ’ਚ ਸ਼ਾਮਲ ਹੋਣਗੀਆਂ
ਚੰਡੀਗੜ੍ਹ: ਹਰਿਆਣਾ ਦੀਆਂ 130 ਖਾਪ ਪੰਚਾਇਤਾਂ ਨੇ ਅੱਜ ਐਲਾਨ ਕੀਤਾ ਕਿ ਉਹ ਭਲਕ ਤੋਂ ਦਿੱਲੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ’ਚ ਸ਼ਾਮਲ ਹੋਣਗੀਆਂ। ‘ਖਾਪ’ ਬੁਲਾਰੇ ਜਗਬੀਰ ਮਲਿਕ ਨੇ ਕਿਹਾ, ‘ਖਾਪ ਨਾਲ ਸਬੰਧਤ ਸਾਰੇ ਜਣੇ ਪਹਿਲਾਂ ਕਿਸਾਨ ਅਤੇ ਬਾਅਦ ’ਚ ਆਗੂ ਹਨ। ਉਹ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਨਾਲ ਜੁੜੇ ਹਨ।’ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਦਿੱਤਾ ਗਿਆ ਬਿਆਨ ਕਿ ਉਨ੍ਹਾਂ ਦੇ ਸੂਬੇ ਦੇ ਕਿਸਾਨ ਇਸ ਅੰਦੋਲਨ ਨਾਲ ਨਹੀਂ ਜੁੜੇ ਹੋਏ ਹਨ, ਗਲਤ ਹੈ। -ਆਈਏਐੱਨਐੱਸ