ਨਵੀਂ ਦਿੱਲੀ/ਸ੍ਰੀਨਗਰ, 20 ਜੂਨ
ਦੇਸ਼ ਵਿੱਚ ਭਲਕੇ ਸ਼ੁੱਕਰਵਾਰ ਨੂੰ 10ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਜਾਵੇਗਾ। ਯੋਗ ਦਿਵਸ ਸਬੰਧੀ ਮੁੱਖ ਸਮਾਗਮ ਨਵੀਂ ਦਿੱਲੀ ਅਤੇ ਸ੍ਰੀਨਗਰ ਵਿੱਚ ਹੋਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀਨਗਰ ’ਚ ਪਹੁੰਚ ਗਏ ਹਨ ਜਿੱਥੇ ਉਹ 21 ਜੂਨ ਨੂੰ ਯੋਗ ਦਿਵਸ ਸਮਾਗਮ ’ਚ ਹਿੱਸਾ ਲੈਣਗੇੇ। ਸ੍ਰੀਨਗਰ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਐਕਸ’ ਉੱਤੇ ਪੋਸਟ ’ਚ ਕਿਹਾ, ‘‘ਮੈਂ ਸ੍ਰੀਨਗਰ ਜਾ ਰਿਹਾ ਹਾਂ ਜਿਥੇ ਮੈਂ ਸ਼ੁੱਕਰਵਾਰ ਸਵੇਰੇ ਯੋਗ ਦਿਵਸ ਪ੍ਰੋਗਰਾਮ ’ਚ ਹਿੱਸਾ ਲਵਾਂਗਾ।’’ ਇਸ ਤੋਂ ਇਲਾਵਾ ਭਾਰਤ ਦੇ ਚੀਫ ਜਸਟਿਸ (ਸੀਜੇਆਈ) ਡੀ.ਵਾਈ. ਚੰਦਰਚੂੜ ਨਵੀਂ ਦਿੱਲੀ ’ਚ ਸੁਪਰੀਮ ਕੋਰਟ ਕੰਪਲੈਕਸ ਦੇ ਇੱਕ ਹਾਲ ’ਚ ਹੋਣ ਵਾਲੇ ਯੋਗ ਦਿਵਸ ਸਮਾਗਮ ’ਚ ਸ਼ਮੂਲੀਅਤ ਕਰਨਗੇ। ਇਸੇ ਦੌਰਾਨ ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ 21 ਜੂਨ ਨੂੰ ਸਾਰੇ ਅਯੂਸ਼ਮਾਨ ਅਰੋਗਿਆ ਮੰਦਰਾਂ (ਏਏਐੱਮਜ਼) ’ਚ ਕੌਮਾਂਤਰੀ ਯੋਗ ਦਿਵਸ ਸਮਾਗਮ ਕਰਵਾਉਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਪ੍ਰਧਾਨ ਮੁਫ਼ਤੀ ਮਹਿਬੂਬਾ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਗਰਭਵਤੀ ਔਰਤਾਂ ਸਣੇ ਮੁਲਾਜ਼ਮਾਂ ਨੂੰ ਯੋਗ ਦਿਵਸ ਸਮਾਗਮਾਂ ’ਚ ਸ਼ਾਮਲ ਹੋਣ ਲਈ ਮਜਬੂਰ ਕਰਨ ਦੀ ਨਿਖੇਧੀ ਕੀਤੀ। -ਪੀਟੀਆਈ