ਨਵੀਂ ਦਿੱਲੀ/ਪੰਚਕੂਲਾ (ਮਨਧੀਰ ਸਿੰਘ ਦਿਓਲ/ਪੀ ਪੀ ਵਰਮਾ): ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਨਾਲ ਲਗਦੇ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਬਾਰਡਰਾਂ ’ਤੇ ਇੰਟਰਨੈੱਟ ਸੇਵਾਵਾਂ 31 ਜਨਵਰੀ ਰਾਤ 11 ਵਜੇ ਤੱਕ ਲਈ ਮੁਅੱਤਲ ਕਰ ਦਿੱਤੀਆਂ ਹਨ। ਇਨ੍ਹਾਂ ਬਾਰਡਰਾਂ ’ਤੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਡਟੇ ਹੋਏ ਹਨ। ਇਨ੍ਹਾਂ ਨਾਲ ਲਗਦੇ ਇਲਾਕਿਆਂ ’ਚ 29 ਜਨਵਰੀ ਰਾਤ 11 ਵਜੇ ਤੋਂ ਪਹਿਲਾਂ ਹੀ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਉਧਰ ਹਰਿਆਣਾ ਦੇ 17 ਜ਼ਿਲ੍ਹਿਆਂ ਵਿਚ ਇੰਟਰਨੈੱਟ ਸੇਵਾਵਾਂ ਹੁਣ 31 ਜਨਵਰੀ ਸ਼ਾਮ 5 ਵਜੇ ਤੱਕ ਬੰਦ ਰਹਿਣਗੀਆਂ। ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਦੱਸਿਆ ਕਿ ਦੂਰਸੰਚਾਰ ਅਸਥਾਈ ਸੇਵਾ ਮੁਅੱਤਲ (ਜਨਤਕ ਐਮਰਜੈਂਸੀ ਜਾਂ ਜਨਤਕ ਸੁਰੱਖਿਆ) ਨਿਯਮ, 2017 ਤਹਿਤ ਇੰਟਰਨੈਟ ਸੇਵਾਵਾਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਖ਼ਿੱਤੇ ਵਿਚ ਸ਼ਾਂਤੀ ਅਤੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ। ਕੋਈ ਵੀ ਵਿਅਕਤੀ ਜੋ ਇਨ੍ਹਾਂ ਹੁਕਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।