ਨਵੀਂ ਦਿੱਲੀ, 16 ਅਕਤੂਬਰ
ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਹੋ ਰਹੀ ਇੰਟਰਪੋਲ ਦੀ 90ਵੀਂ ਸਾਲਾਨਾ ਜਨਰਲ ਅਸੈਂਬਲੀ ਕਾਰਨ 18 ਤੋਂ 21 ਅਕਤੂਬਰ ਤੱਕ ਕੇਂਦਰੀ ਦਿੱਲੀ ਵਿੱਚ ਜਨਪਥ, ਅਸ਼ੋਕਾ ਰੋਡ, ਮਥੁਰਾ ਰੋਡ, ਸਿਕੰਦਰ ਰੋਡ, ਗੁੜਗਾਉਂ ਰੋਡ ਅਤੇ ਬਾਰਾਖੰਭਾ ਰੋਡ ਸਣੇ ਹੋਰ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਵੇਗੀ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ 195 ਦੇਸ਼ਾਂ ਦੇ ਡੈਲੀਗੇਟ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਅਕਤੂਬਰ ਨੂੰ ਸਮਾਗਮ ਦਾ ਉਦਘਾਟਨ ਕਰਨਗੇ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 21 ਅਕਤੂਬਰ ਨੂੰ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਨਗੇ। ਟਰੈਫਿਕ ਪੁਲੀਸ ਨੇ ਅੱਜ ਦੱਸਿਆ ਕਿ ਨਵੀਂ ਦਿੱਲੀ ਜ਼ਿਲ੍ਹੇ ਦੇ ਆਲੇ ਦੁਆਲੇ ਸਫਰ ਕਰਨ ਵਾਲੇ ਰਾਹਗੀਰਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਸਮਾਗਮ ਦੇ ਸਮੇਂ ਦੌਰਾਨ ਉਹ ਬਦਲਵੇਂ ਰਸਤੇ ਚੁਣ ਸਕਦੇ ਹਨ। ਟਰੈਫਿਕ ਪੁਲੀਸ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ ਜਨਰਲ ਅਸੈਂਬਲੀ ਵਿੱਚ ਆਉਣ ਵਾਲੇ ਡੈਲੀਗੇਟ ਸੱਤ ਹੋਟਲਾਂ; ਜਿਨ੍ਹਾਂ ਵਿੱਚ ਦਿ ਲਲਿਤ, ਦਿ ਇੰਪੀਰੀਅਲ, ਸ਼ੰਗਰੀ ਲਾ, ਲੀ ਮੈਰੀਡੀਅਨ, ਓਬਰਾਏ, ਹਯਾਤ ਰੀਜੈਂਸੀ ਅਤੇ ਦਿ ਅਸ਼ੋਕ ਸ਼ਾਮਲ ਹਨ, ਵਿੱਚ ਠਹਿਰਨਗੇ ਅਤੇ ਪ੍ਰਗਤੀ ਮੈਦਾਨ, ਜਵਾਹਰਲਾਲ ਨਹਿਰੂ ਸਟੇਡੀਅਮ ਅਤੇ ਹਵਾਈ ਅੱਡੇ ਤੱਕ ਸਫਰ ਕਰਨਗੇ। ਡੈਲੀਗੇਟਾਂ ਲਈ ਸੁਚਾਰੂ ਆਵਾਜਾਈ ਯਕੀਨੀ ਬਣਾਉਣ ਲਈ ਵੱਖ-ਵੱਖ ਤਰੀਕੇ ਵਰਤੇ ਜਾਣਗੇ। ਟਰੈਫਿਕ ਪੁਲੀਸ ਨੇ ਕਿਹਾ ਕਿ ਨਵੀਂ ਦਿੱਲੀ ਵਿੱਚ ਸੜਕਾਂ ਤੋਂ ਆਵਾਜਾਈ ਘਟਾਉਣਾ ਅਹਿਮ ਹੈ ਅਤੇ ਇਹ ਕਾਰਪੋਰੇਸ਼ਨਾਂ, ਸੰਗਠਨਾਂ ਅਤੇ ਵਿਅਕਤੀਗਤ ਸਹਿਯੋਗ ਨਾਲ ਕੀਤਾ ਜਾ ਸਕਦਾ ਹੈ। ਐਡਵਾਈਜ਼ਰੀ ਵਿੱਚ ਕਿਹਾ ਗਿਆ, ‘‘ਗ਼ੈਰਜ਼ਰੂਰੀ ਸਟਾਫ ਨੂੰ ਘਰ ਤੋਂ ਕੰਮ ਦੇ ਨਿਰਦੇਸ਼ ਦਿੱਤੇ ਜਾ ਸਕਦੇ ਹਨ ਅਤੇ ਮੁਲਾਜ਼ਮਾਂ ਨੂੰ ਜਨਤਕ ਟਰਾਂਸਪੋਰਟ ਵਰਤਣ ਦੀ ਸਲਾਹ ਦਿੱਤੀ ਜਾ ਸਕਦੀ ਹੈ। –ਪੀਟੀਆਈ