ਰਾਂਚੀ: ਈਡੀ ਨੇ ਅੱਜ ਜ਼ਮੀਨ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਤੋਂ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਸੱਤ ਘੰਟੇ ਤੋਂ ਵੱਧ ਸਮਾਂ ਪੁੱਛ-ਪੜਤਾਲ ਕੀਤੀ। ਇਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸੋਰੇਨ, ਜੋ ਕਿ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ ਦੇ ਕਾਰਜਕਾਰੀ ਪ੍ਰਧਾਨ ਵੀ ਹਨ, ਇਸ ਤੋਂ ਪਹਿਲਾਂ ਈਡੀ ਦੇ ਸੱਤ ਸੰਮਨਾਂ ਉਤੇ ਪੇਸ਼ ਨਹੀਂ ਹੋਏ। ਹੁਣ ਅੱਠਵੀਂ ਵਾਰ ਸੰਮਨ ਕਰਨ ’ਤੇ ਉਹ ਸਵਾਲਾਂ ਦੇ ਜਵਾਬ ਦੇਣ ਲਈ ਰਾਜ਼ੀ ਹੋਏ ਸਨ। ਈਡੀ ਦੀ ਟੀਮ ਅੱਜ ਬਾਅਦ ਦੁਪਹਿਰ ਇਕ ਵਜੇ ਸੋਰੇਨ ਦੀ ਰਿਹਾਇਸ਼ ’ਤੇ ਪੁੱਜੀ। ਇਸ ਮੌਕੇ ਵੱਡੀ ਗਿਣਤੀ ਵਿਚ ਤਾਇਨਾਤ ਸੁਰੱਖਿਆ ਮੁਲਾਜ਼ਮ ਬਾਡੀ ਕੈਮਰਿਆਂ ਨਾਲ ਘਰ ਦੇ ਆਲੇ-ਦੁਆਲੇ ਦੀ ਗਤੀਵਿਧੀ ਉਤੇ ਨਜ਼ਰ ਰੱਖ ਰਹੇ ਸਨ। ਦੱਸਣਯੋਗ ਹੈ ਕਿ ਹਾਲ ਹੀ ਵਿਚ ਪੱਛਮੀ ਬੰਗਾਲ ’ਚ ਛਾਪਿਆਂ ਦੀ ਕਾਰਵਾਈ ਦੌਰਾਨ ਈਡੀ ਅਧਿਕਾਰੀਆਂ ਉਤੇ ਹਮਲੇ ਹੋਏ ਸਨ। ਇਸ ਕਾਰਨ ਪੁਖਤਾ ਸੁਰੱਖਿਆ ਇੰਤਜ਼ਾਮ ਕੀਤੇ ਗਏ ਸਨ। ਰਾਂਚੀ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਸੋਰੇਨ ਦੇ ਘਰ ਨੇੜੇ ਧਾਰਾ 144 ਲਾਈ ਰੱਖੀ ਜੋ ਕਿ ਸ਼ਨਿਚਰਵਾਰ ਰਾਤ 11 ਵਜੇ ਤੱਕ ਜਾਰੀ ਰਹੀ। ਇਸ ਦੌਰਾਨ ਰਾਜ ਦੇ ਭਾਜਪਾ ਆਗੂਆਂ ਦੇ ਘਰਾਂ ਦੀ ਸੁਰੱਖਿਆ ਵੀ ਵਧਾਈ ਗਈ ਸੀ। ਇਸੇ ਦੌਰਾਨ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੇ ਸੋਰੇਨ ਦੀ ਰਿਹਾਇਸ਼ ਉਤੇ ਮੀਟਿੰਗ ਵੀ ਕੀਤੀ। ਪਾਰਟੀ ਦੇ ਜਨਰਲ ਸਕੱਤਰ ਤੇ ਬੁਲਾਰੇ ਸੁਪ੍ਰਿਓ ਭੱਟਾਚਾਰੀਆ ਨੇ ਕਿਹਾ, ‘ਈਡੀ ਮੁੱਖ ਮੰਤਰੀ ਤੋਂ ਪੁੱਛ-ਪੜਤਾਲ ਰਹੀ ਹੈ…ਅਸੀਂ ਵੀ ਆਪਣੀ ਮੀਟਿੰਗ ਕਰ ਰਹੇ ਹਾਂ…ਭਵਿੱਖੀ ਕਦਮਾਂ ਦੀ ਕੋਈ ਵੀ ਰਣਨੀਤੀ ਪੁੱਛਗਿੱਛ ਦੇ ਸਿੱਟਿਆਂ ਦੇ ਅਧਾਰ ਉਤੇ ਬਣੇਗੀ।’ ਝਾਰਖੰਡ ਕਾਂਗਰਸ ਦੇ ਪ੍ਰਧਾਨ ਰਾਜੇਸ਼ ਠਾਕੁਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਵੀ ਸੋਰੇਨ ਨੂੰ ਸਮਰਥਨ ਦੇਣ ਲਈ ਮੌਜੂਦ ਸਨ। ਇਸ ਮੌਕੇ ਸੂਬੇ ਦੇ ਏਜੀ, ਡੀਜੀਪੀ, ਰਾਂਚੀ ਦੇ ਡੀਸੀ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। -ਪੀਟੀਆਈ
ਸੱਤਾਧਾਰੀ ਜੇਐਮਐਮ ਨੇ ਆਦਿਵਾਸੀ ਸੰਗਠਨਾਂ ਨਾਲ ਕੀਤੇ ਰੋਸ ਪ੍ਰਦਰਸ਼ਨ
ਰਾਂਚੀ: ਈਡੀ ਵੱਲੋਂ ਮੁੱਖ ਮੰਤਰੀ ਹੇਮੰਤ ਸੋਰੇਨ ਤੋਂ ਪੁੱਛ-ਪੜਤਾਲ ਦੇ ਮੱਦੇਨਜ਼ਰ ਅੱਜ ਸੱਤਾਧਾਰੀ ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਨੇ ਵੱਖ-ਵੱਖ ਆਦਿਵਾਸੀ ਸੰਗਠਨਾਂ ਦੇ ਨਾਲ ਪੂਰੇ ਰਾਜ ਵਿਚ ਰੋਸ ਮੁਜ਼ਾਹਰੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਈਡੀ ਵਰਗੀਆਂ ਏਜੰਸੀਆਂ ਰਾਹੀਂ ਸੋਰੇਨ ਨੂੰ ਨਿਸ਼ਾਨਾ ਬਣਾ ਰਹੀ ਹੈ। ਜਾਮਤਾੜਾ ਦੇ ਵਿਧਾਇਕ ਇਰਫਾਨ ਅੰਸਾਰੀ ਨੇ ਈਡੀ ਵੱਲੋਂ ਪੁੱਛਗਿੱਛ ਤੋਂ ਪਹਿਲਾਂ ਸੋਰੇਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪਾਰਟੀ ਵਰਕਰਾਂ ਨੂੰ ਧੀਰਜ ਰੱਖਣ ਲਈ ਕਿਹਾ ਹੈ। ਈਡੀ ਦੇ ਸੰਮਨਾਂ ਵਿਰੁੱਧ ਆਦਿਵਾਸੀਆਂ ਦੇ ਰੋਸ ਮੁਜ਼ਾਹਰਿਆਂ ’ਤੇ ਪਾਰਟੀ ਜਨਰਲ ਸਕੱਤਰ ਨੇ ਕਿਹਾ ਕਿ ਇਹ ਅਚਾਨਕ ਹੋਏ ਹਨ, ਪਾਰਟੀ ਨੇ ਇਸ ਬਾਰੇ ਕੋਈ ਸੱਦਾ ਨਹੀਂ ਦਿੱਤਾ। ਜਾਣਕਾਰੀ ਮੁਤਾਬਕ ਪਾਰਟੀ ਵਰਕਰ ਮੁੱਖ ਮੰਤਰੀ ਦੀ ਰਿਹਾਇਸ਼ ਤੋਂ 100 ਮੀਟਰ ਦੂਰ ਤੀਰ ਤੇ ਕਮਾਨਾਂ ਨਾਲ ਮੌਜੂਦ ਸਨ। -ਪੀਟੀਆਈ
‘ਮੇਰੇ ਖਿਲਾਫ਼ ਸਾਜ਼ਿਸ਼’: ਹੇਮੰਤ ਸੋਰੇਨ
ਮੁੱਖ ਮੰਤਰੀ ਹੇਮੰਤ ਸੋਰੇਨ ਨੇ ਪੁੱਛਗਿੱਛ ਤੋਂ ਬਾਅਦ ਦੋਸ਼ ਲਾਇਆ ਕਿ ਉਨ੍ਹਾਂ ਵਿਰੁੱਧ ਸਾਜ਼ਿਸ਼ ਘੜੀ ਗਈ ਹੈ। ਆਪਣੀ ਰਿਹਾਇਸ਼ ਦੇ ਬਾਹਰ ਸੋਰੇਨ ਨੇ ਸਮਰਥਕਾਂ ਨੂੰ ਕਿਹਾ ਕਿ ‘ਮੇਰੇ ਵਿਰੁੱਧ ਸਾਜ਼ਿਸ਼ ਰਚੀ ਗਈ ਸੀ, ਪਰ ਸਾਜ਼ਿਸ਼ਕਰਤਾਵਾਂ ਦੇ ਕਫ਼ਨ ’ਚ ਆਖਰੀ ਕਿੱਲ ਅਸੀਂ ਠੋਕਾਂਗੇ। ਅਸੀਂ ਡਰਾਂਗੇ ਨਹੀਂ, ਤੁਹਾਡਾ ਨੇਤਾ ਪਹਿਲਾਂ ਅੱਗੇ ਹੋ ਕੇ ਗੋਲੀਆਂ ਖਾਏਗਾ ਤੇ ਤੁਹਾਡਾ ਹੌਸਲਾ ਬੁਲੰਦ ਰੱਖੇਗਾ।’ ਈਡੀ ਅਧਿਕਾਰੀਆਂ ਦੇ ਜਾਣ ਤੋਂ ਬਾਅਦ ਸੋਰੇਨ ਨੇ ਆਪਣੇ ਹਮਾਇਤੀਆਂ ਦਾ ਧੰਨਵਾਦ ਕੀਤਾ। -ਪੀਟੀਆਈ