ਕੋਲਕਾਤਾ: ਨਾਰਦਾ ਸਟਿੰਗ ਕੇਸ ਦੇ ਸਬੰਧ ’ਚ ਟੀਐੱਮਸੀ ਦੇ ਤਿੰਨ ਵਿਧਾਇਕਾਂ ਨੂੰ ਗ੍ਰਿਫ਼ਤਾਰ ਕਰਨ ਮੌਕੇ ਸਪੀਕਰ ਦੇ ਅਹੁਦੇ ਦੀ ਮਰਿਆਦਾ ਨੂੰ ਢਾਹ ਲਾਉਣ ਦੇ ਦੋਸ਼ ਹੇਠ ਬੰਗਾਲ ਵਿਧਾਨ ਸਭਾ ਵਿੱਚ ਸੀਬੀਆਈ ਤੇ ਈਡੀ ਅਧਿਕਾਰੀਆਂ ਖ਼ਿਲਾਫ਼ ਮਰਿਆਦਾ ਮਤਾ ਪੇਸ਼ ਕੀਤਾ ਗਿਆ ਹੈ। ਇਹ ਮਤਾ ਪੇਸ਼ ਕਰਦਿਆਂ ਟੀਐੱਮਸੀ ਦੇ ਵਿਧਾਇਕ ਤੇ ਮੰਤਰੀ ਤਾਪਸ ਰਾਏ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਤਿੰਨ ਵਿਧਾਇਕਾਂ ਫਰਹਾਦ ਹਾਕਿਮ, ਮਦਨ ਮਿਤਰਾ ਅਤੇ ਸੁਬਰਤਾ ਮੁਖਰਜੀ ਨੂੰ ਇਸ ਵਰ੍ਹੇ ਨਾਰਦਾ ਕੇਸ ਦੇ ਸਬੰਧ ’ਚ ਸੀਬੀਆਈ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਪਰ ਨਾ ਤਾਂ ਸਪੀਕਰ ਬਿਮਾਨ ਬੈਨਰਜੀ ਤੋਂ ਆਗਿਆ ਹੀ ਲਈ ਗਈ ਤੇ ਨਾ ਹੀ ਉਨ੍ਹਾਂ ਨੂੰ ਅਗਾਊਂ ਤੌਰ ’ਤੇ ਸੂਚਿਤ ਕੀਤਾ ਗਿਆ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ ਤਿੰਨਾਂ ਵਿਧਾਇਕਾਂ ਖ਼ਿਲਾਫ਼ ਚਾਰਜਸ਼ੀਟ ਫਾਈਲ ਕੀਤੀ ਸੀ। ਸ੍ਰੀ ਰਾਏ ਨੇ ਕਿਹਾ ਕਿ ਸੀਬੀਆਈ ਤੇ ਈਡੀ ਦੋਵਾਂ ਨੇ ਹੀ ਸਪੀਕਰ ਦੇ ਅਹੁਦੇ ਦੀ ਮਰਿਆਦਾ ਨੂੰ ਢਾਹ ਲਾਈ ਤੇ ਉਨ੍ਹਾਂ ਨਾਲ ਹੀ ਸੀਬੀਆਈ ਦੇ ਡਿਪਟੀ ਐੱਸਪੀ ਸਤੇਂਦਰ ਸਿੰਘ ਅਤੇ ਈਡੀ ਦੇ ਅਸਿਸਟੈਂਟ ਡਾਇਰੈਕਟਰ ਰਥੀਨ ਬਿਸਵਾਸ ਖ਼ਿਲਾਫ਼ ਮਰਿਆਦਾ ਮਤਾ ਪੇਸ਼ ਕੀਤਾ। ਇਸ ਮਗਰੋਂ ਸਪੀਕਰ ਬਿਮਾਨ ਬੈਨਰਜੀ ਨੇ ਇਹ ਮਾਮਲਾ ਮਰਿਆਦਾ ਕਮੇਟੀ ਨੂੰ ਭੇਜ ਦਿੱਤਾ। -ਪੀਟੀਆਈ