ਬੋਸਟਨ, 26 ਜੂਨ
ਪੰਜ ਯਾਤਰੀਆਂ ਨੂੰ ਸਮੁੰਦਰ ਤਲ ‘ਤੇ ਪਏ ‘ਟਾਇਟੈਨਿਕ’ ਜਹਾਜ਼ ਦੇ ਮਲਬੇ ਵੱਲ ਲੈ ਕੇ ਗਈ ਤੇ ਮਗਰੋਂ ਤਬਾਹ ਹੋਣ ਵਾਲੀ ‘ਟਾਈਟਨ ਸਬਮਰਸੀਬਲ’ ਦੇ ਮਾਮਲੇ ਦੀ ਜਾਂਚ ਕੌਮਾਂਤਰੀ ਪੱਧਰ ਉਤੇ ਏਜੰਸੀਆਂ ਦੇ ਇਕ ਗਰੁੱਪ ਵੱਲੋਂ ਕੀਤੀ ਜਾ ਰਹੀ ਹੈ। ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਇਹ ਕਿਸ ਤਰ੍ਹਾਂ ਅਚਾਨਕ ਫਟ ਗਈ। ਇਨ੍ਹਾਂ ਏਜੰਸੀਆਂ ਵਿਚ ਅਮਰੀਕੀ ਤੱਟ ਰੱਖਿਅਕ, ਅਮਰੀਕਾ ਤੇ ਕੈਨੇਡਾ ਦਾ ਟਰਾਂਸਪੋਰਟੇਸ਼ਨ ਸੇਫਟੀ ਬੋਰਡ, ਫਰਾਂਸ ਤੇ ਯੂਕੇ ਦੇ ਜਾਂਚਕਰਤਾ ਸ਼ਾਮਲ ਹਨ। ਦੱਸਣਯੋਗ ਹੈ ਕਿ 18 ਜੂਨ ਨੂੰ ਵਾਪਰੇ ਇਸ ਹਾਦਸੇ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਸੀ। ਇਸ ਘਟਨਾ ਨਾਲ ਜੁੜੇ ਸਬੂਤ ਕੈਨੇਡੀਅਨ ਏਜੰਸੀਆਂ ਦੇ ਤਾਲਮੇਲ ਨਾਲ ਨਿਊਫਾਊਂਡਲੈਂਡ ਦੇ ਸੇਂਟ ਜੌਹਨ’ਜ਼ ਤੋਂ ਇਕੱਠੇ ਕੀਤੇ ਜਾ ਰਹੇ ਹਨ। ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਵੀ ਮਾਮਲੇ ਦੀ ਜਾਂਚ ਆਰੰਭੀ ਹੈ। -ਏਪੀ