ਨਵੀਂ ਦਿੱਲੀ: ਬੀਪੀ ਪੀਐੱਲਸੀ ਤੇ ਫਰਾਂਸ ਦੇ ਟੋਟਲ ਨੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐੱਲ) ਦੀ ਖ਼ਰੀਦ ਲਈ ਬੋਲੀ ਲਾਉਣ ਦੀ ਸੰਭਾਵਨਾ ਘੱਟ ਹੈ। ਇਸ ਦਾ ਕਾਰਨ ਵਿਦੇਸ਼ੀ ਨਿਵੇਸ਼ਕਾਂ ਲਈ ਕੰਪਨੀ ਦੀ ਤੇਲ ਰਿਫਾਈਨਰੀਆਂ ਦੀਆਂ ਲੋਕੇਸ਼ਨਾਂ ਦੂਰ-ਦੁਰਾਡੇ ਹੋਣਾ ਤੇ ਸਖ਼ਤ ਲੇਬਰ ਕਾਨੂੰਨ ਹਨ। ਸੂਤਰਾਂ ਮੁਤਾਬਕ ਭਾਰਤ ਦੇ ਤੀਜੇ ਸਭ ਤੋਂ ਵੱਡੇ ਤੇਲ ਸੋਧਕ ਤੇ ਦੂਜੇ ਸਭ ਤੋਂ ਵੱਡੇ ਈਂਧਣ ਦੇ ਰਿਟੇਲਰ ’ਚ ਸਰਕਾਰ ਦੇ 52.98 ਫ਼ੀਸਦੀ ਹਿੱਸੇ ਦੀ ਖ਼ਰੀਦ ਲਈ ਬੋਲੀਕਾਰਾਂ ’ਚ ਰੂਸ ਦੀ ਊਰਜਾ ਕੰਪਨੀ ਰੋਜ਼ਨੈੱਫਟ ਜਾਂ ਇਸਦੇ ਸਹਿਯੋਗੀ, ਸਾਊਦੀ ਅਰਬ ਦੀ ਤੇਲ ਕੰਪਨੀ ਤੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡੀਸਟਰੀਜ਼ (ਆਰਈਐੱਲ) ਸ਼ਾਮਲ ਹਨ। ਨਿਵੇਸ਼ਕਾਂ ਲਈ ਇਸ ਸਮੇਂ ਸਭ ਤੋਂ ਅਹਿਮ ਮੌਜੂਦਾ ਬਾਜ਼ਾਰ ਮੁੱਲ ’ਤੇ 19 ਬਿਲੀਅਨ ਅਮਰੀਕੀ ਡਾਲਰਾਂ ਜਾਂ ਲਗਪਗ 75000 ਕਰੋੜ ਰੁਪਏ ਦੀ ਕੀਮਤ ਹੈ। ਇਸ ਕੀਮਤ ਨਾਲ ਖ਼ਰੀਦਦਾਰ ਨੂੰ ਬੀਪੀਸੀਐੱਲ ਦੀਆਂ ਤਿੰਨ ਰਿਫਾਈਨਰੀਆਂ- ਮੁੰਬਈ, ਕੇਰਲਾ ’ਚ ਕੋਚੀ ਤੇ ਮੱਧ ਪ੍ਰਦੇਸ਼ ਵਿੱਚ ਬੀਨਾ ਮਿਲ ਜਾਣਗੀਆਂ, ਜਿਨ੍ਹਾਂ ਤਹਿਤ 16, 309 ਪੈਟਰੋਲ ਪੰਪ, 6,113 ਐੱਲਪੀਜੀ ਡਿਸਟ੍ਰੀਬਿਊਟਰ ਏਜੰਸੀਆਂ ਤੇ ਮੁਲਕ ਦੇ 256 ਫਿਊਲ ਸਟੇਸ਼ਨਾਂ ਦਾ 1/5 ਹਿੱਸਾ ਹੈ।