ਨਵੀਂ ਦਿੱਲੀ, 24 ਜੁਲਾਈ
ਇਥੋਂ ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਵੱਲੋਂ ਆਈਐੱਨਐਕਸ ਮੀਡੀਆ ਕੇਸ ਨਾਲ ਸਬੰਧਤ ਵੱਖ ਵੱਖ ਦਸਤਾਵੇਜ਼ਾਂ ਦੀ ਮੰਗ ਕਰਨ ਵਾਲੀ ਅਰਜ਼ੀ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਨੋਟਿਸ ਜਾਰੀ ਕਰਕੇ 9 ਅਗਸਤ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਚਿਦੰਬਰਮ ਦੇ ਵਕੀਲ ਅਰਸ਼ਦੀਪ ਸਿੰਘ ਖੁਰਾਨਾ ਵੱਲੋਂ ਦਾਖ਼ਲ ਅਰਜ਼ੀ ’ਤੇ ਵਿਸ਼ੇਸ਼ ਜੱਜ ਐੱਮ ਕੇ ਨਾਗਪਾਲ ਨੇ ਸੁਣਵਾਈ ਕੀਤੀ। ਚਿਦੰਬਰਮ ਨੇ ਇਹ ਵੀ ਮੰਗ ਕੀਤੀ ਹੈ ਕਿ ਈਡੀ ਰਿਕਾਰਡ ਦੇ ਪੰਨਿਆਂ ਦੇ ਨੰਬਰਾਂ ’ਚ ਖਾਮੀਆਂ ਨੂੰ ਵੀ ਦੂਰ ਕਰੇ ਅਤੇ ਗੁੰਮ ਹੋਏ ਦਸਤਾਵੇਜ਼ ਮੁਹੱਈਆ ਕਰਵਾਏ। ਚਿਦੰਬਰਮ ਨੂੰ ਸੀਬੀਆਈ ਨੇ ਆਈਐੱਨਐਕਸ ਮੀਡੀਆ ਭ੍ਰਿਸ਼ਟਾਚਾਰ ਕੇਸ ’ਚ 21 ਅਗਸਤ, 2019 ’ਚ ਗ੍ਰਿਫ਼ਤਾਰ ਕੀਤਾ ਸੀ। ਉਸੇ ਸਾਲ 16 ਅਕਤੂਬਰ ਨੂੰ ਈਡੀ ਨੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਕੇਸ ’ਚ ਗ੍ਰਿਫ਼ਤਾਰ ਕੀਤਾ ਸੀ। ਛੇ ਦਿਨਾਂ ਮਗਰੋਂ 22 ਅਕਤੂਬਰ ਨੂੰ ਸੁਪਰੀਮ ਕੋਰਟ ਨੇ ਚਿਦੰਬਰਮ ਨੂੰ ਸੀਬੀਆਈ ਵੱਲੋਂ ਦਰਜ ਕੇਸ ’ਚ ਜ਼ਮਾਨਤ ਦੇ ਦਿੱਤੀ ਸੀ ਜਦਕਿ ਈਡੀ ਦੇ ਕੇਸ ’ਚ 4 ਦਸੰਬਰ, 2019 ਨੂੰ ਰਾਹਤ ਮਿਲੀ ਸੀ। -ਪੀਟੀਆਈ