ਨਵੀਂ ਦਿੱਲੀ, 18 ਫਰਵਰੀ
ਕੇਂਦਰੀ ਜਾਂਚ ਏਜੰਸੀ (ਐੱਨਆਈਏ) ਨੇ ਸ਼ੁੱਕਰਵਾਰ ਨੂੰ ਆਈਪੀਐੱਸ ਅਧਿਕਾਰੀ ਅਰਵਿੰਦ ਦਿਗਵਿਜੇ ਨੇਗੀ ਨੂੰ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਇਕ ਮੈਂਬਰ ਨੂੰ ਖੁਫੀਆ ਦਸਤਾਵੇਜ਼ ਲੀਕ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਏਜੰਸੀ ਦੇ ਬੁਲਾਰੇ ਅਨੁਸਾਰ ਨੇਗੀ ਨੂੰ ਐੱਨਆਈਏ ਨੇ ਪਿਛਲੇ ਸਾਲ 6 ਨਵੰਬਰ ਨੂੰ ਦਰਜ ਕੀਤੇ ਇਕ ਕੇਸ ਦੇ ਸਿਲਸਿਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਲਸ਼ਕਰ-ਏ-ਤੋਇਬਾ ਦੇ ਨੈੱਟਵਰਕ ਦੇ ਪਸਾਰ ਨਾਲ ਸਬੰਧਤ ਹੈ। ਐੱਨਆਈਏ ਨੇ ਇਸ ਮਾਮਲੇ ਵਿੱਚ ਪਹਿਲਾਂ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਬੁਲਾਰੇ ਅਨੁਸਾਰ ਐੱਨਆਈਏ ਤੋਂ ਵਾਪਸੀ ਮਗਰੋਂ ਸ਼ਿਮਲਾ ਵਿੱਚ ਤਾਇਨਾਤ ਨੇਗੀ ਦੀ ਭੂਮਿਕਾ ਦੀ ਜਾਂਚ ਕੀਤੀ ਗਈ ਤੇ ਉਸ ਦੇ ਘਰਾਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਪਤਾ ਲੱਗਾ ਕਿ ਐੱਨਆਈਏ ਦੇ ਖੁਫੀਆ ਦਸਤਾਵੇਜ਼ ਨੂੰ ਨੇਗੀ ਵੱਲੋਂ ਇਕ ਮੁਲਜ਼ਮ ਨੂੰ ਲੀਕ ਕੀਤੀ ਗਈ ਹੈ ਜਿਸ ਦੇ ਖ਼ਿਲਾਫ਼ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਕੇਸ ਦਰਜ ਹੈ। -ਪੀਟੀਆਈ