ਨਵੀਂ ਦਿੱਲੀ, 13 ਸਤੰਬਰ
ਗੁਜਰਾਤ ਇਸ਼ਰਤ ਜਹਾਂ ਫਰਜ਼ੀ ਮੁਕਾਬਲੇ ਦੀ ਜਾਂਚ ਵਿੱਚ ਸੀਬੀਆਈ ਦੀ ਮਦਦ ਕਰਨ ਵਾਲੇ ਸੀਨੀਅਰ ਆਈਪੀਐਸ ਅਧਿਕਾਰੀ ਸਤੀਸ਼ ਚੰਦਰ ਵਰਮਾ ਨੂੰ ਸਰਕਾਰ ਨੇ ਸੇਵਾਮੁਕਤੀ ਤੋਂ ਇਕ ਮਹੀਨੇ ਪਹਿਲਾਂ 30 ਅਗਸਤ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ 30 ਸਤੰਬਰ ਨੂੰ ਸੇਵਾਮੁਕਤ ਹੋਣਾ ਸੀ।
ਹਾਲਾਂਕਿ, ਦਿੱਲੀ ਹਾਈ ਕੋਰਟ ਨੇ ਵਰਮਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ 19 ਸਤੰਬਰ ਤੱਕ ਬਰਖਾਸਤਗੀ ਦੇ ਹੁਕਮਾਂ ’ਤੇ ਅਮਲ ਨਾ ਕਰਨ ਦਾ ਨਿਰਦੇਸ਼ ਦਿੱਤਾ ਹੈ ਤਾਂ ਜੋ 1986 ਬੈਚ ਦੇ ਗੁਜਰਾਤ ਕੇਡਰ ਦਾ ਆਈਪੀਐਸ ਅਧਿਕਾਰੀ ਰਾਹਤ ਲਈ ਉੱਚ ਅਦਾਲਤ ਤੱਕ ਪਹੁੰਚ ਕਰ ਸਕੇ। ਜੇਕਰ ਵਰਮਾ ਦੀ ਬਰਖਾਸਤਗੀ ਲਾਗੂ ਹੋ ਜਾਂਦੀ ਹੈ ਤਾਂ ਉਹ ਪੈਨਸ਼ਨ ਅਤੇ ਹੋਰ ਲਾਭਾਂ ਦਾ ਹੱਕਦਾਰ ਨਹੀਂ ਹੋਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਸੀਨੀਅਰ ਪੁਲੀਸ ਅਧਿਕਾਰੀ ਹਾਲ ਦੀ ਘੜੀ ਤਾਮਿਲਨਾਡੂ ਵਿੱਚ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐਫ) ਵਿੱਚ ਇੰਸਪੈਕਟਰ ਜਨਰਲ ਵਜੋਂ ਤਾਇਨਾਤ ਸੀ। ਵਰਮਾ ਨੇ ਦਿੱਲੀ ਹਾਈ ਕੋਰਟ ਵੱਲੋਂ ਗ੍ਰਹਿ ਮੰਤਰਾਲੇ ਨੂੰ ਵਿਭਾਗੀ ਜਾਂਚ ਦੇ ਮੱਦੇਨਜ਼ਰ ਉਸ ਵਿਰੁੱਧ ਕਾਰਵਾਈ ਕਰਨ ਦੀ ਇਜਾਜ਼ਤ ਦਿੱਤੇ ਜਾਣ ਬਾਅਦ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਹੈ।
ਜ਼ਿਕਰਯੋਗ ਹੈ ਕਿ ਵਰਮਾ ਨੇ ਅਪਰੈਲ 2010 ਤੋਂ ਅਕਤੂਬਰ 2011 ਦਰਮਿਆਨ ਇਸ਼ਰਤ ਜਹਾਂ ਮਾਮਲੇ ਦੀ ਜਾਂਚ ਕੀਤੀ ਸੀ ਅਤੇ ਉਸ ਜਾਂਚ ਰਿਪੋਰਟ ਦੇ ਆਧਾਰ ‘ਤੇ ਵਿਸ਼ੇਸ਼ ਜਾਂਚ ਟੀਮ ਨੇ ਇਹ ਮੰਨਿਆ ਸੀ ਕਿ ਮੁਕਾਬਲਾ ‘ਫਰਜ਼ੀ’ ਸੀ। ਗੁਜਰਾਤ ਹਾਈ ਕੋਰਟ ਨੇ ਬਾਅਦ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਮਾਮਲੇ ਦੀ ਜਾਂਚ ਕਰਨ ਅਤੇ ਵਰਮਾ ਦੀਆਂ ਸੇਵਾਵਾਂ ਲੈਣ ਦੇ ਨਿਰਦੇਸ਼ ਦਿੱਤੇ ਸਨ।- ਏਜੰਸੀ