ਅਯੁੱਧਿਆ: ਰਾਮ ਜਨਮਭੂਮੀ-ਬਾਬਰੀ ਮਸਜਿਦ ਵਿਵਾਦ ਮਾਮਲੇ ’ਚ ਵਕੀਲ ਰਹੇ ਇਕਬਾਲ ਅੰਸਾਰੀ ਨੂੰ ਅੱਜ ਇੱਥੇ 22 ਜਨਵਰੀ ਨੂੰ ਹੋਣ ਵਾਲੇ ਰਾਮ ਮੰਦਰ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਮਿਲਿਆ ਹੈ। ਉਨ੍ਹਾਂ ਦੀ ਧੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੱਦਾ ਪੱਤਰ ਰਾਮਪਥ ਨੇੜੇ ਕੋਟੀਆ ਪੰਜੀਟੋਲਾ ਸਥਿਤ ਅੰਸਾਰੀ ਦੀ ਰਿਹਾਇਸ਼ ’ਤੇ ਪ੍ਰਾਪਤ ਹੋਇਆ। ਇਕਬਾਲ ਅੰਸਾਰੀ ਦੀ ਧੀ ਸ਼ਮਾ ਪਰਵੀਨ ਨੇ ਕਿਹਾ, ‘‘ਅੱਜ ਦਿਨ ਵਿੱਚ ਮੇਰੇ ਪਿਤਾ ਨੂੰ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਮਿਲਿਆ।’’ ਸੂਤਰਾਂ ਨੇ ਦੱਸਿਆ ਕਿ 22 ਜਨਵਰੀ ਨੂੰ ਹੋਣ ਵਾਲੇ ਸਮਾਰੋਹ ਵਿੱਚ ਇੱਕ ਲੱਖ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਅੰਸਾਰੀ ਨੇ ਕਿਹਾ ਕਿ ਉਹ ਰਾਮ ਮੰਦਰ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਅੰਸਾਰੀ ਨੇ 31 ਦਸੰਬਰ ਨੂੰ ਕਿਹਾ ਸੀ ਕਿ ਮੁਸਲਿਮ ਭਾਈਚਾਰਾ 2019 ਵਿੱਚ ਸੁਣਾਏ ਗਏ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਨਮਾਨ ਕਰਦਾ ਹੈ। -ਪੀਟੀਆਈ