ਆਬੂਧਾਬੀ, 18 ਅਕਤੂਬਰ
ਟੀ-20 ਵਿਸ਼ਵ ਕੱਪ ਦੇ ਗਰੁੱਪ-ਬੀ ਵਿੱਚ ਆਇਰਲੈਂਡ ਨੇ ਸੋਮਵਾਰ ਨੂੰ ਆਪਣੇ ਪਹਿਲੇ ਮੈਚ ਵਿੱਚ ਨੈਦਰਲੈਂਡਸ ਨੂੰ 7 ਵਿਕਟਾਂ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਹੈ। ਨੈਦਰਲੈਂਡਸ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਪਹਿਲਾਂ ਖੇਡਦਿਆਂ ਕਪਤਾਨ ਪੀਟਰ ਸੀਲਾਰ (51 ਦੌੜਾਂ) ਦੇ ਅਰਧ ਸੈਂਕੜੇ ਸਦਕਾ ਨਿਰਧਾਰਿਤ 20 ਓਵਰਾਂ ਵਿੱਚ 106 ਦੌੜਾਂ ਬਣਾਈਆਂ ਸਨ। ਆਇਰਲੈਂਡ ਵੱਲੋਂ ਕਰਟਿਸ ਕੈਂਫਰ ਨੇ 26 ਦੌੜਾਂ ਦੇ ਕੇ 4 ਜਦਕਿ ਮਾਰਕ ਅਡੇਅਰ ਨੇ 9 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਕਰਟਿਸ ਕੈਂਫਰ ਕੌਮਾਂਤਰੀ ਟੀ-20 ਮੈਚਾਂ ਵਿੱਚ ਆਇਰਲੈਂਡ ਵੱਲੋਂ ਹੈਟ੍ਰਿਕ ਬਣਾਉਣ ਵਾਲਾ ਪਹਿਲਾ ਗੇਂਦਬਾਜ਼ ਬਣ ਗਿਆ ਹੈ। ਉਸ ਨੇ ਮੈਚ ਦੌਰਾਨ 4 ਗੇਂਦਾਂ ’ਤੇ 4 ਵਿਕਟਾਂ ਹਾਸਲ ਕੀਤੀਆਂ। ਨੈਦਰਲੈਂਡਸ ਵੱਲੋਂ ਮਿਲੇ 107 ਦੌੜਾਂ ਦੇ ਟੀਚਾ ਪਿੱਛਾ ਕਰਦਿਆਂ ਆਇਰਲੈਂਡ ਦੀ ਟੀਮ ਨੇ ਤਿੰਨ ਵਿਕਟਾਂ ਗੁਆ ਕੇ ਸਿਰਫ਼ 15.1 ਓਵਰਾਂ ਵਿੱਚ ਹੀ ਟੀਚਾ ਸਰ ਕਰ ਲਿਆ। ਆਇਰਲੈਂਡ ਦੀ ਜਿੱਤ ਵਿੱਚ ਬੱਲੇਬਾਜ਼ ਗੈਰੇਥ ਡੇਲਾਨੀ ਨੇ 44 ਦੌੜਾਂ ਜਦਕਿ ਪੌਲ ਸਟਿਰਲਿੰਗ ਨੇ 39 ਦੌੜਾਂ ਦਾ ਯੋਗਦਾਨ ਪਾਇਆ। ਕਰਟਿਸ ਕੈਂਫਰ 4 ਗੇਂਦਾਂ ’ਤੇ 4 ਵਿਕਟਾਂ ਲੈਣ ਵਾਲਾ ਦੁਨੀਆ ਦਾ ਤੀਜਾ ਗੇਂਦਬਾਜ਼ ਬਣਿਆ ਗਿਆ ਹੈ। ਇਸ ਤੋਂ ਪਹਿਲਾਂ ਸ੍ਰੀਲੰਕਾ ਦਾ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ (ਦੋ ਵਾਰ) ਅਤੇ ਅਫ਼ਗਾਨਿਸਤਾਨ ਦਾ ਸਪਿਨ ਗੇਂਦਬਾਜ਼ ਰਾਸ਼ਿਦ ਖ਼ਾਨ ਇੱਕ ਵਾਰ ਇਹ ਕਾਰਨਾਮਾ ਕਰ ਚੁੱਕੇ ਹਨ। -ਪੀਟੀਆਈ