ਨਵੀਂ ਦਿੱਲੀ, 27 ਦਸੰਬਰ
ਸੁਰੱਖਿਆ ਪ੍ਰਬੰਧ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਮਕਬੂਜ਼ਾ ਕਸ਼ਮੀਰ ਵਿੱਚ ਜੰਮੂ ਕਸ਼ਮੀਰ ਵਿੱਚ ਵੱਧ ਤੋਂ ਵੱਧ ਦਹਿਸ਼ਤਗਰਦਾਂ ਦੀ ਘੁਸਪੈਠ ਯਕੀਨੀ ਬਣਾਉਣ ਦੇ ਮੰਤਵ ਨਾਲ ਉਨ੍ਹਾਂ ਨੂੰ ਹੱਡ ਚੀਰਵੀਂ ਠੰਢ ਤੋਂ ਬਚਣ ਲਈ ਸਰਦੀ ਦੇ ਕੱਪੜਿਆਂ ਤੋਂ ਇਲਾਵਾ ਨੇਵੀਗੇਸ਼ਨ ਐਪ ਵੀ ਮੁਹੱਈਆ ਕਰਵਾਉਂਦੀ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਇਨ੍ਹਾਂ ਦਹਿਸ਼ਤਗਰਦਾਂ ਨੂੰ ਜੀਪੀਐੱਸ ਅਧਾਰਿਤ ਨੇਵੀਗੇਸ਼ਨਲ ਸਿਸਟਮ ਵਰਤਣ ਲਈ ਲੋੜੀਂਦੀ ਸਿਖਲਾਈ ਦਿੱਤੀ ਜਾਂਦੀ ਹੈ। ਜੰਗਲੀ ਇਲਾਕੇ ਵਿੱਚ ਠਹਿਰ ਦੌਰਾਨ ਸੁਰੱਖਿਆ ਬਲਾਂ ਦੀ ਅੱਖ ਤੋਂ ਬਚਣ ਤੇ ਹੋਰ ਜੁਗਤਾਂ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਜਾਂਦਾ ਹੈ।
ਸੂਤਰਾਂ ਨੇ ਸੱਜਰੀ ਖੁਫ਼ੀਆ ਜਾਣਕਾਰੀ ਦੇ ਹਵਾਲੇ ਨਾਲ ਕਿਹਾ ਕਿ ਮਕਬੂਜ਼ਾ ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਬਣੇ ਕੈਂਪਾਂ ਵਿੱਚ 250 ਦੇ ਕਰੀਬ ਦਹਿਸ਼ਤਗਰਦ ਮੌਜੂਦ ਹਨ ਤੇ 90 ਦੇ ਕਰੀਬ ਦਹਿਸ਼ਤੀ ਸਰਹੱਦ ਪਾਰੋਂ ਦੇਸ਼ ਵਿੱਚ ਘੁਸਪੈਠ ਦੀ ਤਾਕ ਵਿੱਚ ਹਨ। ਸੂਤਰਾਂ ਨੇ ਕੰਟਰੋਲ ਰੇਖਾ ਦੇ ਨਾਲ ਪੈਂਦੇ ਇਹ ਦਹਿਸ਼ਤੀ ਕੈਂਪ ਜੰਮੂ ਤੇ ਕਸ਼ਮੀਰ ਵਿੱਚ ਮਾਛਲ, ਤੰਗਦਾਰ ਤੇ ਕੇਰਨ ਸੈਕਟਰਾਂ ਤੋਂ ਕਾਫ਼ੀ ਨਜ਼ਦੀਕ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸੁਰੱਖਿਆ ਤੰਤਰ ਵਿੱਚ ਸ਼ਾਮਲ ਅਧਿਕਾਰੀਆਂ ਨੇ ਕਿਹਾ ਕਿ ਆਈਐੱਸਆਈ ਨੇ ਦਹਿਸ਼ਤਗਰਦਾਂ ਨੂੰ ਘੁਸਪੈਠ ਲਈ ਨਵੇਂ ਰੂਟ ਤਲਾਸ਼ਣ ਦੀ ਹਦਾਇਤ ਕੀਤੀ ਹੈ ਤੇ ਸੁਰੱਖਿਆ ਬਲਾਂ ਵੱਲੋਂ ਗ੍ਰਿਫ਼ਤਾਰ ਕੀਤੇ ਕੁਝ ਕਾਰਕੁਨਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। -ਆਈਏਐੱਨਐੱਸ
ਅਨੰਤਨਾਗ ’ਚ ਸੀਆਰਪੀਐੱਫ ਬੰਕਰ ’ਤੇ ਹੱਥਗੋਲਾ ਸੁੱਟਿਆ
ਸ੍ਰੀਨਗਰ: ਦਹਿਸ਼ਤਗਰਦਾਂ ਨੇ ਜੰਮੂ ਕਸ਼ਮੀਰ ਦੇ ਅਨੰਤਨਾਗ ਵਿੱਚ ਅੱਜ ਸੀਆਰਪੀਐੱਫ ਦੇ ਬੰਕਰ ’ਤੇ ਹੱਥਗੋਲਾ (ਗ੍ਰਨੇਡ) ਸੁੱਟਿਆ। ਹੱਥਗੋਲਾ ਹਾਲਾਂਕਿ ਨਿਸ਼ਾਨੇ ਤੋਂ ਖੁੰਝ ਗਿਆ ਤੇ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪੁਲੀਸ ਨੇ ਕਿਹਾ ਕਿ ਦਹਿਸ਼ਤਗਰਦਾਂ ਨੇ ਅੱਜ ਦੁਪਹਿਰੇ ਬਿਜਬਿਹਾੜਾ ਮਾਰਕੀਟ ਵਿੱਚ ਸੀਆਰਪੀਐੱਫ ਦੇ ਬੰਕਰ ’ਤੇ ਹੱਥਗੋਲਾ ਸੁੱਟਿਆ। ਪੁਲੀਸ ਮੁਤਾਬਕ ਹੱਥਗੋਲਾ ਨਿਸ਼ਾਨੇ ਤੋਂ ਖੁੰਝ ਗਿਆ ਤੇ ਸੜਕ ’ਤੇ ਫਟ ਗਿਆ। ਪੁਲੀਸ ਨੇ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਹੈ। ਇਸ ਦੌਰਾਨ ਖ਼ਬਰ ਏਜੰਸੀ ਆਈਏਐੱਨਐੱਸ ਦੀ ਇਕ ਰਿਪੋਰਟ ਮੁਤਾਬਕ ਜੰਮੂ ਕਸ਼ਮੀਰ ਪੁਲੀਸ ਨੇ ਸੁਰੱਖਿਆ ਬਲਾਂ ਦੀ ਟੀਮ ਨਾਲ ਮਿਲ ਕੇ ਜੈਸ਼-ਏ-ਮੁਹੰਮਦ ਦੇ ਦਹਿਸ਼ਤੀਆਂ ਲਈ ਕੰਮ ਕਰਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ’ਚੋਂ ਭੜਕਾਊ ਸਮੱਗਰੀ ਵੀ ਮਿਲੀ ਹੈ। ਇਨ੍ਹਾਂ ਦੀ ਪਛਾਣ ਆਦਿਲ ਅਲੀ ਵਾਸੀ ਅੱਛਣ ਤੇ ਆਸਿਫ਼ ਗੁਲਜ਼ਾਰ ਵਾਸੀ ਹਾਜੀਦਾਰਪੋਰਾ ਵਜੋਂ ਦੱਸੀ ਗਈ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਜੈਸ਼ ਕਮਾਂਡਰਾਂ ਦੇ ਸੰਪਰਕ ਵਿੱਚ ਸਨ ਤੇ ਦਹਿਸ਼ਤਗਰਦਾਂ ਨੂੰ ਪਨਾਹ, ਹਥਿਆਰਾਂ ਤੇ ਹੋਰ ਗੋਲੀ-ਸਿੱਕੇ ਅਤੇ ਧਮਾਕਾਖੇਜ਼ ਸਮੱਗਰੀ ਦੀ ਢੋਆ-ਢੁਆਈ ਦੇ ਸਾਧਨ ਮੁਹੱਈਆ ਕਰਵਾਉਂਦੇ ਸਨ। -ਪੀਟੀਆਈ