ਨਵੀਂ ਦਿੱਲੀ, 16 ਜਨਵਰੀ
ਖੁਫ਼ੀਆ ਏਜੰਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਪੰਜਾਬ ਵਿੱਚ ਚੋਣ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਤੇ ਖਾਲਿਸਤਾਨੀ ਸਰਗਰਮੀਆਂ ਵਧਾਉਣ ਲਈ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਨੇ ਸੂਬੇ ਤੇ ਯੂਪੀ ਦੇ ਕੁਝ ਹਿੱਸਿਆਂ ਵਿੱਚ ਵਿੱਚ ਹੋਰ ਦਹਿਸ਼ਤੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਆਪਣੇ ਦਹਿਸ਼ਤੀ ਗੁੱਟਾਂ ਨੂੰ ਸਰਗਰਮ ਕਰ ਦਿੱਤਾ ਹੈ। ਸੁਰੱਖਿਆ ਏਜੰਸੀਆਂ ਦੇ ਸੂਤਰਾਂ ਨੇ ਦੱਸਿਆ ਕਿ ਖ਼ੁਫੀਆ ਜਾਣਕਾਰੀ ਅਨੁਸਾਰ ਆਈਐੱਸਆਈ ਦਾ ਸਮਰਥਨ ਹਾਸਲ ਸਿੱਖ ਦਹਿਸ਼ਤੀ ਜਥੇਬੰਦੀਆਂ ਚੋਣ ਰੈਲੀਆਂ ਨੂੰ ਨਿਸ਼ਾਨਾ ਬਣਾ ਸਕਦੀਆਂ ਹਨ ਤੇ ਪੰਜਾਬ, ਯੂਪੀ ਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਚੋਣ ਪ੍ਰਚਾਰ ਦੀ ਪ੍ਰਕਿਰਿਆ ਦੌਰਾਨ ਕਈ ਵੀਵੀਆਈਪੀ ਆਗੂਆਂ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰ ਸਕਦੀਆਂ ਹਨ। ਪੰਜਾਬ ਅਤੇ ਚੋਣਾਂ ਵਾਲੇ ਹੋਰ ਸੂਬਿਆਂ, ਜਿੱਥੇ ਸਿੱਖ ਵੋਟਰ ਵੱਡੀ ਗਿਣਤੀ ਵਿੱਚ ਹਨ, ਵਿੱਚ ਖਾਲਿਸਤਾਨੀ ਲਹਿਰ ਨੂੰ ਮੁੜ ਸਰਗਰਮ ਕਰਨ ਲਈ ਪੰਜਾਬ ਚੋਣਾਂ ਨੂੰ ਉਚਿਤ ਮੌਕਾ ਮੰਨਦਿਆਂ ਆਈਐੱਸਆਈ ਨੇ ਸਾਰੇ ਛੋਟੇ-ਵੱਡੇ ਦਹਿਸ਼ਤੀ ਜਥੇਬੰਦੀਆਂ ਨੂੰ ਸਰਗਰਮ ਕਰ ਦਿੱਤਾ ਹੈ, ਜਿਨ੍ਹਾਂ ਨੂੰ ਸੂਬੇ ਵਿੱਚ ਚੋਣ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਲਈ ਆਖਿਆ ਗਿਆ ਹੈ। ਇਹ ਜਾਣਕਾਰੀ ਪੰਜਾਬ, ਯੂਪੀ ਤੇ ਉੱਤਰਾਖੰਡ ਪ੍ਰਸ਼ਾਸਨਾਂ ਵੱਲੋਂ ਸਾਂਝੀ ਕੀਤੀ ਗਈ ਹੈ, ਜਿਨ੍ਹਾਂ ਦੱਸਿਆ ਹੈ ਕਿ ਇਹ ਦਹਿਸ਼ਤੀ ਜਥੇਬੰਦੀਆਂ ਦੂਜੇ ਸੂਬਿਆਂ ਵਿੱਚ ਵੀ ਸਿੱਖ ਵਸੋਂ ਨੂੰ ਆਪਣੇ ਉਦੇਸ਼ ਦੇ ਪੱਖ ’ਚ ਕਰਨ ਲਈ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਆਈਐੱਸਆਈ ਨੇ ਇਨ੍ਹਾਂ ਸਿੱਖ ਅਤਿਵਾਦੀ ਸੰਸਥਾਵਾਂ ਨੂੰ ਇਹ ਸੁਨੇਹਾ ਵੀ ਭੇਜਿਆ ਹੈ ਕਿ ਖਾਲਿਸਤਾਨ ਲਈ ਇਹੀ ‘ਹੁਣ ਜਾਂ ਕਦੇ ਨਹੀਂ’ ਵਾਲਾ ਸਮਾਂ ਹੈ। ਇਸ ਜਾਣਕਾਰੀ ਮੁਤਾਬਕ ਹੀ ਯੂਪੀ ਤੇ ਉੱਤਰਾਖੰਡ ਸਰਕਾਰਾਂ ਨੂੰ ਇਨ੍ਹਾਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖਣ ਤੇ ਇਨ੍ਹਾਂ ਸੂਬਿਆਂ ਦੇ ਸਿੱਖ ਆਗੂਆਂ ਤੇ ਅਹਿਮ ਸ਼ਖ਼ਸੀਅਤਾਂ ਨਾਲ ਸੰਪਰਕ ’ਚ ਰਹਿਣ ਲਈ ਕਿਹਾ ਗਿਆ ਹੈ। -ਆਈਏਐੱਨਐੱਸ