ਸੰਯੁਕਤ ਰਾਸ਼ਟਰ, 30 ਅਗਸਤ
ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਦੱਸਿਆ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਆਈਐੱਸਆਈਐੱਲ-ਕੇ ਦੀ ਮੌਜੂਦਗੀ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਦੇ ਨਾਲ ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਪਾਬੰਦੀਸ਼ੁਦਾ ਸੰਗਠਨਾਂ ਵਿਚਕਾਰ ਸਬੰਧ ਅਤੇ ਹੋਰ ਅਤਿਵਾਦੀ ਸੰਗਠਨਾਂ ਦੇ ਭੜਕਾਊ ਬਿਆਨ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਖਤਰਾ ਹਨ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਕਿਹਾ, ‘ਜਿਵੇਂ ਅਸੀਂ ਸੁਰੱਖਿਆ ਪਰਿਸ਼ਦ ਵਿੱਚ ਵਾਰ-ਵਾਰ ਕਿਹਾ ਹੈ। ਸਾਡਾ ਨਜ਼ਦੀਕੀ ਗੁਆਂਢੀ ਅਤੇ ਸਾਡੇ ਲੰਬੇ ਸਮੇਂ ਦੇ ਸਾਂਝੇਦਾਰ ਵਜੋਂ ਅਫਗਾਨਿਸਤਾਨ ਦੇ ਲੋਕਾਂ ਨਾਲ ਸਾਡੇ ਮਜ਼ਬੂਤ ਇਤਿਹਾਸਕ ਅਤੇ ਸਭਿਅਤਾਕ ਸਬੰਧ ਹਨ। ਇਸ ਦੇ ਮੱਦੇਨਜ਼ਰ ਅਫਗਾਨਿਸਤਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਵਾਪਸੀ ਨੂੰ ਯਕੀਨੀ ਬਣਾਉਣ ਵਿੱਚ ਭਾਰਤ ਦੇ ਸਿੱਧੇ ਹਿੱਤ ਹਨ। ਦੁੱਖ ਹੈ ਕਿ ਅਫ਼ਗ਼ਾਨਿਸਤਾਨ ’ਚ ਅਤਿਵਾਦੀ ਸੰਗਠਨਾਂ ਖਾਸ ਤੌਰ ’ਤੇ ਆਈਐੱਸਆਈਐੱਲ-ਕੇ ਨੇ ਕਾਫੀ ਪੈਰ ਪਸਾਰ ਲਏ ਹਨ ਤੇ ਉਸ ਦੇ ਲਸ਼ਕਰ ਤੇ ਜੈਸ਼ ਨਾਲ ਸਬੰਧ ਖ਼ਿੱਤੇ ਲਈ ਖਤਰਨਾਕ ਹਨ।