ਜਨੇਵਾ, 27 ਮਈ
ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਮੁਖੀ ਨੇ ਅੱਜ ਇੱਥੇ ਕਿਹਾ ਕਿ ਹਮਾਸ ਸ਼ਾਸਿਤ ਗਾਜ਼ਾ ਪੱਟੀ ਵਿੱਚ 11 ਦਿਨਾਂ ਦੀ ਲੜਾਈ ਵਿੱਚ ਹੋ ਸਕਦਾ ਹੈ ਕਿ ਇਜ਼ਰਾਇਲੀ ਬਲਾਂ ਨੇ ਜੰਗੀ ਅਪਰਾਧਾਂ ਨੂੰ ਅੰਜਾਮ ਦਿੱਤਾ ਹੋਵੇ। ਮਿਸ਼ੇਲ ਬੈਸ਼ਲੈੱਟ ਦੀ ਇਹ ਟਿੱਪਣੀ ਉਸ ਵੇਲੇ ਆਈ ਹੈ ਜਦੋਂ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਮਨੁੱਖੀ ਅਧਿਕਾਰ ਸੰਗਠਨ ਨੇ ਇਸ ਮਹੀਨੇ ਹੋਈ ਲੜਾਈ ਵਿੱਚ ਫਲਸਤੀਨੀਆਂ ਦੀ ਤਰਸਯੋਗ ਹਾਲਤ ’ਤੇ ਚਰਚਾ ਲਈ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਵਿਵਾਦ ਦੌਰਾਨ ਹਮਾਸ ਵੱਲੋਂ ਅੰਨ੍ਹੇਵਾਹ ਰਾਕੇਟ ਦਾਗਣਾ ਵੀ ਜੰਗੀ ਨਿਯਮਾਂ ਦੀ ਸਪੱਸ਼ਟ ਉਲੰਘਣਾ ਹੈ। ਮਨੁੱਖੀ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਨੇ ਮਨੁੱਖੀ ਅਧਿਕਾਰ ਕੌਂਸਲ ਨੂੰ ਪਿਛਲੇ ਹਫ਼ਤੇ ਗਾਜ਼ਾ ਪੱਟੀ ਵਿੱਚ ਗੋਲੀਬੰਦੀ ਤੋਂ ਪਹਿਲਾਂ ਹੋਈਆਂ ਮੌਤਾਂ ਅਤੇ 2014 ਤੱਕ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਹੋਈ ਤਬਾਹੀ ਦਾ ਵੇਰਵਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਹਵਾਈ ਹਮਲੇ ਕਾਰਨ ਵੱਡੇ ਪੱਧਰ ’ਤੇ ਆਮ ਲੋਕਾਂ ਦੀ ਮੌਤ ਹੋਈ, ਕਈਆਂ ਦੇ ਸੱਟਾਂ ਲੱਗੀਆਂ ਅਤੇ ਨਾਲ ਹੀ ਬੁਨਿਆਦੀ ਢਾਂਚੇ ਦੀ ਤਬਾਹੀ ਹੋਈ। ਬੈਸ਼ਲੈੱਟ ਨੇ ਕਿਹਾ ਕਿ ਅਜਿਹੇ ਹਮਲੇ ਜੰਗ ਦੇ ਨਿਯਮਾਂ ਦੀ ਉਲੰਘਣਾ ਦੇ ਦਾਇਰੇ ਵਿੱਚ ਆਉਂਦੇ ਹਨ। ਹਮਾਸ ਬਾਰੇ ਉਨ੍ਹਾਂ ਸਪੱਸ਼ਟ ਤੌਰ ’ਤੇ ਇਸ਼ਾਰਾ ਕਰਦਿਆਂ ਕਿਹਾ ਕਿ ਸੰਘਣੀ ਆਬਾਦੀ ਵਾਲੇ ਇਲਾਕੇ ’ਚ ਸੈਨਾ ਦੀ ਪਹੁੰਚ ਦਾ ਪਤਾ ਲਗਾਉਣਾ ਜਾਂ ਉਨ੍ਹਾਂ ਤੋਂ ਹਮਲਾ ਕਰਵਾਉਣਾ ਅਤੇ ਅੰਨ੍ਹੇਵਾਹ ਰਾਕੇਟ ਦਾਗਣਾ ਕੌਮਾਂਤਰੀ ਮਨੁੱਖੀ ਕਾਨੂੰਨ ਦੀ ਉਲੰਘਣਾ ਹੈ। -ਪੀਟੀਆਈ