ਕੋਚੀ, 13 ਅਗਸਤ
ਕੇਰਲਾ ਹਾਈ ਕੋਰਟ ਨੇ ਇਸਰੋ ਸਾਜ਼ਿਸ਼ ਕਾਂਡ ’ਚ ਪੁਲੀਸ ਦੇ ਤਿੰਨ ਸਾਬਕਾ ਅਧਿਕਾਰੀਆਂ ਅਤੇ ਇੰਟੈਲੀਜੈਂਸ ਬਿਊਰੋ ਦੇ ਇਕ ਸੇਵਾਮੁਕਤ ਅਧਿਕਾਰੀ ਨੂੰ ਪੇਸ਼ਗੀ ਜ਼ਮਾਨਤ ਦੇ ਦਿੱਤੀ ਹੈ। ਇਨ੍ਹਾਂ ਅਧਿਕਾਰੀਆਂ ’ਚ ਆਰ ਬੀ ਸ੍ਰੀਕੁਮਾਰ, ਐੱਸ ਵਿਜਯਨ, ਥੰਪੀ ਐੱਸ ਦੁਰਗਾ ਦੱਤ ਅਤੇ ਪੀ ਐੱਸ ਜਯਪ੍ਰਕਾਸ਼ (ਆਈਬੀ ਦਾ ਸਾਬਕਾ ਅਧਿਕਾਰੀ) ਸ਼ਾਮਲ ਹਨ। ਸੀਬੀਆਈ ਵੱਲੋਂ ਦਰਜ ਕੇਸ ’ਚ ਇਨ੍ਹਾਂ ਸਾਰਿਆਂ ਨੇ ਪੇਸ਼ਗੀ ਜ਼ਮਾਨਤ ਲਈ ਹਾਈ ਕੋਰਟ ’ਚ ਅਰਜ਼ੀਆਂ ਦਾਖ਼ਲ ਕੀਤੀਆਂ ਸਨ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਉਨ੍ਹਾਂ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਦਿੱਤੀ ਹੋਈ ਸੀ। ਇਸਰੋ ਦੇ ਸਾਬਕਾ ਵਿਗਿਆਨੀ ਨਾਂਬੀ ਨਾਰਾਇਣਨ ਦੀ 1994 ਦੇ ਜਾਸੂਸੀ ਕਾਂਡ ’ਚ ਗ੍ਰਿਫ਼ਤਾਰੀ ਅਤੇ ਹਿਰਾਸਤ ਦੇ ਸਬੰਧ ’ਚ ਚਾਰ ਪੁਲੀਸ ਅਧਿਕਾਰੀਆਂ ਤੋਂ ਇਲਾਵਾ 14 ਹੋਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ’ਚ ਮਾਲਦੀਵ ਦੀਆਂ ਦੋ ਮਹਿਲਾਵਾਂ ਮਰੀਅਮ ਰਸ਼ੀਦਾ ਅਤੇ ਫੌਜੀਆ ਹਾਸਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਹਾਂ ਨੂੰ ਰਿਹਾਈ ਤੋਂ ਪਹਿਲਾਂ ਤਿੰਨ ਸਾਲ ਜੇਲ੍ਹ ਅੰਦਰ ਰਹਿਣਾ ਪਿਆ ਸੀ। -ਪੀਟੀਆਈ