ਸ੍ਰੀਹਰੀਕੋਟਾ/ਬੰਗਲੂਰੂ, 23 ਅਕਤੂਬਰ
ਮੁੱਖ ਅੰਸ਼
- ਇਕੋ ਵਾਰ ’ਚ 36 ਬ੍ਰਾਡਬੈਂਡ ਸੰਚਾਰ ਸੈਟੇਲਾਈਟ ਦਾਗੇ
- ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਮੁਰਮੂ ਨੇ ਇਸਰੋ ਦੇ ਵਿਗਿਆਨੀਆਂ ਨੂੰ ਦਿੱਤੀ ਵਧਾਈ
- ਦਾਗਣ ਤੋਂ 75 ਮਿੰਟ ਬਾਅਦ ਸਾਰੇ 36 ਸੈਟੇਲਾਈਟ ਆਰਬਿਟ ’ਚ ਸਥਾਪਿਤ
ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਸਭ ਤੋਂ ਭਾਰੀ ਰਾਕੇਟ ਐੱਲਵੀਐੱਮ3-ਐੱਮ2 ਨੇ ਆਪਣੇ ਪਹਿਲੇ ਵਪਾਰਕ ਮਿਸ਼ਨ ਤਹਿਤ ਬ੍ਰਿਟੇਨ ਦੀ ਕੰਪਨੀ ਲਈ 36 ਬ੍ਰਾਡਬੈਂਡ ਸੰਚਾਰ ਸੈਟੇਲਾਈਟਾਂ ਨੂੰ ਸਫ਼ਲਤਾਪੂਰਬਕ ਦਾਗ ਕੇ ਇਤਿਹਾਸ ਸਿਰਜ ਦਿੱਤਾ ਹੈ। ਬ੍ਰਿਟੇਨ ਦੀ ਕੰਪਨੀ ‘ਵਨਵੈੱਬ ਲਿਮਟਿਡ’ ਨੇ ਇਸ ਮਿਸ਼ਨ ਲਈ ਇਸਰੋ ਦੀ ਵਪਾਰਕ ਬ੍ਰਾਂਚ ਐੱਨਐੱਸਆਈਐੱਲ ਨਾਲ ਸਮਝੌਤਾ ਕੀਤਾ ਸੀ। ਵਨਵੈੱਬ ਲਿਮਟਿਡ ਪੁਲਾੜ ਦੇ ਖੇਤਰ ’ਚ ਕੰਮ ਕਰਨ ਵਾਲਾ ਆਲਮੀ ਸੰਚਾਰ ਨੈੱਟਵਰਕ ਹੈ ਜੋ ਸਰਕਾਰਾਂ ਅਤੇ ਸਨਅਤਾਂ ਨੂੰ ਇੰਟਰਨੈੱਟ ਕੁਨੈਕਟੀਵਿਟੀ ਉਪਲੱਬਧ ਕਰਾਉਂਦਾ ਹੈ। ਭਾਰਤੀ ਐਂਟਰਪ੍ਰਾਈਜ਼ਿਜ ਵਨਵੈੱਬ ਦਾ ਇਕ ਪ੍ਰਮੁੱਖ ਨਿਵੇਸ਼ਕ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬ੍ਰਾਡਬੈਂਡ ਸੈਟੇਲਾਈਟ ਦਾਗਣ ਲਈ ਪੁਲਾੜ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਫ਼ਲਤਾ ਲਈ ਇਸਰੋ ਅਤੇ ਹੋਰਾਂ ਦੀ ਸ਼ਲਾਘਾ ਕੀਤੀ ਹੈ। ਮੋਦੀ ਨੇ ਟਵੀਟ ਕੀਤਾ,‘‘36 ਵਨਵੈੱਬ ਸੈਟੇਲਾਈਟਾਂ ਨੂੰ ਸਾਡੇ ਸਭ ਤੋਂ ਭਾਰੀ ਲਾਂਚ ਵਹੀਕਲ ਐੱਲਵੀਐੱਮ3 ਰਾਹੀਂ ਦਾਗਣ ਲਈ ਐੱਨਐੱਸਆਈਐੱਲ, ਇਸਰੋ ਅਤੇ ਹੋਰਾਂ ਨੂੰ ਵਧਾਈ। ਐੱਲਵੀਐੱਮ3 ਆਤਮ-ਨਿਰਭਰਤਾ ਦੀ ਮਿਸਾਲ ਹੈ ਅਤੇ ਆਲਮੀ ਵਪਾਰਕ ਲਾਂਚ ਸੇਵਾ ਬਾਜ਼ਾਰ ’ਚ ਭਾਰਤ ਦੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਬਣਾਉਂਦਾ ਹੈ।’’
ਇਸ ਸਫ਼ਲਤਾ ਨਾਲ ਇਸਰੋ ਨੇ 7 ਅਗਸਤ ਨੂੰ ਮਿਲੀ ਆਪਣੀ ਨਾਕਾਮੀ ਨੂੰ ਪਿੱਛੇ ਛੱਡ ਦਿੱਤਾ ਹੈ ਜਦੋਂ ਏਜੰਸੀ ਦਾ ਪਹਿਲਾ ਛੋਟਾ ਸੈਟੇਲਾਈਟ ਲਾਂਚ ਵਹੀਕਲ ਮਿਸ਼ਨ ਦਾ ਸੰਪਰਕ ਟੁੱਟ ਗਿਆ ਸੀ। ਐਤਵਾਰ ਤੜਕੇ ਇਸਰੋ ਦੇ ਚੇਅਰਮੈਨ ਐੱਸ ਸੋਮਨਾਥ ਨੇ ਐਲਾਨ ਕੀਤਾ ਕਿ ਪੁਲਾੜ ਏਜੰਸੀ ’ਚ ਕੰਮ ਕਰਦੇ ਵਿਗਿਆਨੀਆਂ ਲਈ ਦੀਵਾਲੀ ਦਾ ਤਿਉਹਾਰ ਛੇਤੀ ਸ਼ੁਰੂ ਹੋ ਗਿਆ ਹੈ। ਸ੍ਰੀਹਰੀਕੋਟਾ ਸਪੇਸ ਪੋਰਟ ਤੋਂ ਰਾਤ 12 ਵਜੇ ਕੇ ਸੱਤ ਮਿੰਟ ’ਤੇ ਰਾਕੇਟ ਦਾਗਣ ਦੇ ਕਰੀਬ 75 ਮਿੰਟ ਬਾਅਦ ਸਾਰੇ 36 ਸੈਟੇਲਾਈਟ ਆਰਬਿਟ ’ਚ ਸਥਾਪਿਤ ਹੋ ਗਏ। ਐੱਲਵੀਐੱਮ ਨੂੰ 8 ਹਜ਼ਾਰ ਕਿਲੋਗ੍ਰਾਮ ਤੱਕ ਦੇ ਸੈਟੇਲਾਈਟ ਲਿਜਾਣ ਦੀ ਸਮਰੱਥਾ ਵਾਲੇ ਸਭ ਤੋਂ ਭਾਰੀ ਸੈਟੇਲਾਈਟਾਂ ’ਚੋਂ ਇਕ ਕਰਾਰ ਦਿੱਤਾ ਗਿਆ ਹੈ। ਇਸਰੋ ਦੇ ਸਾਬਕਾ ਮੁਖੀ ਕੇ ਸਿਵਨ ਅਤੇ ਏ ਐੱਸ ਕਿਰਨ ਕੁਮਾਰ ਅਤੇ ਭਾਰਤੀ ਐਂਟਰਪ੍ਰਾਈਜ਼ਿਜ ਦੇ ਬਾਨੀ-ਚੇਅਰਮੈਨ ਸੁਨੀਲ ਮਿੱਤਲ ਨੇ ਵੀ ਹੋਰਨਾਂ ਨਾਲ ਮਿਲ ਕੇ ਮਿਸ਼ਨ ਕੰਟਰੋਲ ਸੈਂਟਰ ਤੋਂ ਸੈਟੇਲਾਈਟਾਂ ਦੀ ਲਾਂਚਿੰਗ ਨੂੰ ਦੇਖਿਆ। ਸ੍ਰੀ ਮਿੱਤਲ ਨੇ ਕਿਹਾ ਕਿ ਵਨਵੈੱਬ ਲਈ ਇਹ ਅਹਿਮ ਮੀਲ ਦਾ ਪੱਥਰ ਹੈ। ਆਂਧਰਾ ਪ੍ਰਦੇਸ਼ ਦੇ ਰਾਜਪਾਲ ਵਿਸ਼ਵਭੂਸ਼ਣ ਹਰੀਚੰਦਨ ਅਤੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਵੀ ਇਸਰੋ ਨੂੰ ਵਧਾਈ ਦਿੱਤੀ ਹੈ। -ਪੀਟੀਆਈ