ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 30 ਜੂਨ
ਇਸਰੋ ਨੇ ਇੱਕ ਹਫ਼ਤੇ ਅੰਦਰ ਆਪਣੇ ਦੂਜੇ ਸਫ਼ਲ ਮਿਸ਼ਨ ਤਹਿਤ ਅੱਜ ਤਿੰਨ ਵਿਦੇਸ਼ੀ ਉਪ ਗ੍ਰਹਿ ਪੁਲਾੜ ਪੰਧ ’ਚ ਸਥਾਪਤ ਕੀਤੇ। ਪੀਐੱਸਐੱਲਵੀ ਸੀ-53 ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਕਾਰੋਬਾਰੀ ਬ੍ਰਾਂਚ ‘ਨਿਊਸਪੇਸ ਇੰਡੀਆ ਲਿਮਿਟਡ (ਐੱਨਐੱਸਆਈਐੱਲ)’ ਦਾ ਦੂਜਾ ਕਾਰੋਬਾਰੀ ਮਿਸ਼ਨ ਹੈ। ਅੱਜ ਚਾਰ ਪੱਧਰ ਵਾਲੇ 44.4 ਮੀਟਰ ਲੰਮੇ ਪੀਐੱਸਐੱਲਵੀ ਸੀ-53 ਨੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਦੂਜੇ ਲਾਂਚ ਪੈਡ ਤੋਂ ਉਡਾਣ ਭਰੀ ਅਤੇ ਸਿੰਗਾਪੁਰ ਦੇ ਤਿੰਨ ਉੱਪ-ਗ੍ਰਹਿ ਡੀਐੱਸ-ਈਓ, ਨਿਊਐੱਸਏਆਰ ਅਤੇ ਸਕੂਬ-1 ਨਿਰਧਾਰਤ ਪੁਲਾੜ ਪੰਧ ’ਚ ਸਥਾਪਤ ਕੀਤੇ। ਇਸਰੋ ਦੇ ਚੇਅਰਮੈਨ ਐੱਸ ਸੋਮਨਾਥ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮਿਸ਼ਨ ਨੇ ਆਪਣਾ ਨਿਰਧਾਰਤ ਟੀਚਾ ਪ੍ਰਾਪਤ ਕੀਤਾ ਹੈ। ਉਨ੍ਹਾਂ ਐੱਨਐੱਸਆਈਐੱਲ ਨੂੰ ਇਸੇ ਮਹੀਨੇ ਇੱਕ ਹੋਰ ਵੱਡਾ ਮਿਸ਼ਨ ਪੂਰਾ ਕਰਨ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ, ‘ਅੱਜ ਦੇ ਮਿਸ਼ਨ ਨਾਲ ਇਹ ਤਿੰਨੋਂ ਉਪ ਗ੍ਰਹਿ ਸਹੀ ਪੰਧ ’ਚ ਸਥਾਪਤ ਹੋ ਗਏ ਹਨ।’ ਮਿਸ਼ਨ ਦੇ ਡਾਇਰੈਕਟਰ ਐੱਸਆਰ ਰਾਜੂ ਨੇ ਲਾਂਚਿੰਗ ਨੂੰ ਸ਼ਾਨਦਾਰ ਦੱਸਿਆ। ਲਾਂਚਿੰਗ ਵਾਹਨ ਨੇ 25 ਘੰਟੇ ਦੀ ਉਲਟੀ ਗਿਣਤੀ ਖਤਮ ਹੁੰਦਿਆਂ ਹੀ ਸ਼ਾਮ 6.02 ਵਜੇ ਉਡਾਣ ਭਰੀ। ਇਹ ਪੀਐੱਸਐੱਲਪੀ ਦਾ 55ਵਾਂ ਮਿਸ਼ਨ ਹੈ। -ਪੀਟੀਆਈ