ਮੁੰਬਈ, 28 ਅਪਰੈਲ
ਭਾਰਤੀ-ਅਮਰੀਕੀ ਸੁਪਰ ਮਾਡਲ ਅਤੇ ਲੇਖਿਕਾ ਪਦਮਾ ਲਕਸ਼ਮੀ (51) ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਜਾਂ ਕਿਤੇ ਹੋਰ ਹਿੰਦੂਤਵ ਨੂੰ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਇਸ ‘ਪ੍ਰਾਚੀਨ ਅਤੇ ਵਿਸ਼ਾਲ ਧਰਤੀ’ ’ਤੇ ਸ਼ਾਂਤੀਪੂਰਬਕ ਰਹਿਣਾ ਚਾਹੀਦਾ ਹੈ। ਪਦਮਾ ਲਕਸ਼ਮੀ ਨੇ ਕਈ ਟਵੀਟ ਕਰਕੇ ਕਿਹਾ ਕਿ ਦੇਸ਼ ’ਚ ‘ਵੱਡੇ ਪੱਧਰ ’ਤੇ ਮੁਸਲਮਾਨ ਵਿਰੋਧੀ’ ਬਿਆਨਬਾਜ਼ੀ ਹੋ ਰਹੀ ਹੈ। ਉਨ੍ਹਾਂ ਉਮੀਦ ਜਤਾਈ ਕਿ ਹਿੰਦੂ ਇਸ ਡਰ ਪੈਦਾ ਕਰਨ ਵਾਲੇ ਅਤੇ ਕੂੜ ਪ੍ਰਚਾਰ ਦੇ ਜਾਲ ’ਚ ਨਹੀਂ ਫਸਣਗੇ। ਹਨੂੰਮਾਨ ਜੈਅੰਤੀ ਮੌਕੇ ਇਕ ਸ਼ੋਭਾਯਾਤਰਾ ਦੌਰਾਨ ਦਿੱਲੀ ਦੇ ਜਹਾਂਗੀਰਪੁਰੀ ’ਚ ਦੋ ਫਿਰਕਿਆਂ ਵਿਚਕਾਰ ਹਿੰਸਾ ਅਤੇ ਰਾਮ ਨੌਮੀ ਦੇ ਜਲੂਸ ਦੌਰਾਨ ਮੱਧ ਪ੍ਰਦੇਸ਼ ਦੇ ਖਰਗੋਨ ਸ਼ਹਿਰ ’ਚ ਹਿੰਸਾ ’ਤੇ ‘ਦਿ ਗਾਰਜੀਅਨ’ ਅਤੇ ‘ਲਾਸ ਏਂਜਲਸ ਟਾਈਮਜ਼’ ਜਿਹੇ ਕੌਮਾਂਤਰੀ ਪ੍ਰਕਾਸ਼ਨਾਂ ਦੇ ਖ਼ਬਰਾਂ ’ਤੇ ਆਧਾਰਿਤ ਲੇਖਾਂ ਨੂੰ ਟੈਗ ਕਰਦਿਆਂ ਲਕਸ਼ਮੀ ਨੇ ਕਿਹਾ ਕਿ ‘ਸੱਚੇ ਅਧਿਆਤਮਵਾਦ’ ’ਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਖ਼ਿਲਾਫ਼ ਬਿਆਨਬਾਜ਼ੀ ਲੋਕਾਂ ’ਚ ਡਰ ਪੈਦਾ ਕਰਦੀ ਹੈ ਅਤੇ ਜ਼ਹਿਰ ਘੋਲਦੀ ਹੈ। ‘ਇਹ ਕੂੜ ਪ੍ਰਚਾਰ ਖ਼ਤਰਨਾਕ ਅਤੇ ਨਾਪਾਕ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਘੱਟ ਸਮਝਦੇ ਹੋ ਤਾਂ ਉਨ੍ਹਾਂ ਦੇ ਦਮਨ ’ਚ ਸ਼ਾਮਲ ਹੋਣਾ ਜ਼ਿਆਦਾ ਆਸਾਨ ਹੋ ਜਾਂਦਾ ਹੈ।’ -ਪੀਟੀਆਈ