ਨਵੀਂ ਦਿੱਲੀ, 1 ਮਾਰਚ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀ ਇਕ ਤਾਜ਼ਾ ਇੰਟਰਵਿਊ ਵਿਚ ਸੰਕੇਤ ਕੀਤਾ ਹੈ ਕਿ ਯੋਗੀ ਆਦਿੱਤਿਆਨਾਥ ਭਵਿੱਖ ਵਿਚ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋ ਸਕਦੇ ਹਨ।
‘ਦਿ ਇੰਡੀਅਨ ਐਕਸਪ੍ਰੈੱਸ’ ਨੂੰ ਦਿੱਤੀ ਇਕ ਇੰਟਰਵਿਊ ਵਿਚ ਸ਼ਾਹ ਨੇ ਉੱਤਰ ਪ੍ਰਦੇਸ਼ ਵਿਚ ਯੋਗੀ ਦੀ ਲੀਡਰਸ਼ਿਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਯੂਪੀ ਨੂੰ ਚੰਗਾ ਸ਼ਾਸਨ ਅਤੇ ਵਿਕਾਸ ਦਿੱਤਾ ਹੈ। ਇਸ ਨਾਲ ਪਾਰਟੀ ਦੀ ਲੋਕਤੰਤਰਿਕ ਦਿੱਖ ਮਜ਼ਬੂਤ ਹੋਈ ਹੈ ਤੇ ਭਾਜਪਾ ਵੱਲੋਂ ਵਿਧਾਨ ਸਭਾ ਚੋਣਾਂ ਜਿੱਤਣ ਦੀ ਸੰਭਾਵਨਾ ਵਧੀ ਹੈ। ਸ਼ਾਹ ਨੂੰ ਜਦ ਪੁੱਛਿਆ ਗਿਆ ਕਿ ਯੋਗੀ ਨੂੰ ਪਹਿਲਾਂ ਹੀ ਕਈ ਵਰਗ ਸੰਭਾਵੀ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਉਭਾਰ ਰਹੇ ਹਨ ਤਾਂ ਉਨ੍ਹਾਂ ਕਿਹਾ, ‘ਸੁਭਾਵਿਕ ਹੈ, ਕਿੰਨੇ ਸਾਲਾਂ ਬਾਅਦ ਕਿੰਨਾ ਕੰਮ ਉਨ੍ਹਾਂ ਦੀ ਅਗਵਾਈ ਵਿਚ ਹੋਇਆ ਹੈ।’ ਇੱਥੇ ਗ੍ਰਹਿ ਮੰਤਰੀ ਨੇ ਭਾਜਪਾ ਵੱਲੋਂ ਯੋਗੀ ਦਾ ਨਾਂ ਪ੍ਰਧਾਨ ਮੰਤਰੀ ਲਈ ਵਿਚਾਰੇ ਜਾਣ ਤੋਂ ਇਨਕਾਰ ਨਹੀਂ ਕੀਤਾ।
ਯੋਗੀ ਸਰਕਾਰ ਦੀ ਸ਼ਲਾਘਾ ਕਰਦਿਆਂ ਸ਼ਾਹ ਨੇ ਕਿਹਾ ਕਿ ਯੂਪੀ ਨੂੰ 30 ਮੈਡੀਕਲ ਕਾਲਜ ਮਿਲੇ ਹਨ ਤੇ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਜ਼ਿਲ੍ਹੇ ਵਿਚ ਇਕ ਹੋਵੇ। ਇਸ ਤੋਂ ਇਲਾਵਾ ਨਵੀਆਂ ਉੱਚ ਸਿੱਖਿਆ ਸੰਸਥਾਵਾਂ ਖੁੱਲ੍ਹੀਆਂ ਹਨ। ਜ਼ਿਕਰਯੋਗ ਹੈ ਕਿ 2017 ਵਿਚ ਜਦ ਭਾਜਪਾ ਨੇ ਯੂਪੀ ਚੋਣਾਂ ਬਿਨਾਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਲੜੀਆਂ ਸਨ ਤਾਂ ਉਦੋਂ ਇਹ ਮੋਦੀ ਲਹਿਰ ਦੇ ਸਿਰ ’ਤੇ ‘ਸਪਾ’ ਸਰਕਾਰ ਨੂੰ ਹਰਾਉਣ ਦਾ ਯਤਨ ਕਰ ਰਹੀ ਸੀ। -ਏਜੰਸੀਆਂ
‘ਮਨੀਪੁਰ ਵਿਚ ਸ਼ਾਂਤੀ ਲਈ ਸਾਰੇ ਧੜਿਆਂ ਨਾਲ ਗੱਲਬਾਤ ਹੋਵੇਗੀ’
ਇੰਫਾਲ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮਨੀਪੁਰ ਵਿਚ ਕਿਹਾ ਕਿ ਸੂਬੇ ਵਿਚ ਸ਼ਾਂਤੀ ਕਾਇਮ ਕਰਨ ਲਈ ਸਰਕਾਰ ਸਾਰੇ ਧੜਿਆਂ ਨਾਲ ਗੱਲਬਾਤ ਕਰੇਗੀ। ਲੁਕਵੇਂ ਰੂਪ ਵਿਚ ਕਾਰਜਸ਼ੀਲ ਧਿਰਾਂ ਨੂੰ ਵੀ ਗੱਲਬਾਤ ਵਿਚ ਸ਼ਾਮਲ ਕੀਤਾ ਜਾਵੇਗਾ। ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਰਾਜ ਨੂੰ ‘ਡਰੱਗ ਮੁਕਤ’ ਕੀਤਾ ਜਾਵੇਗਾ ਤੇ ਤਸਕਰੀ ਬੰਦ ਕਰਵਾਈ ਜਾਵੇਗੀ। ਮਨੀਪੁਰ ਵਿਚ 22 ਸੀਟਾਂ ਲਈ ਦੂਜੇ ਗੇੜ ਦੀਆਂ ਚੋਣਾਂ ਪੰਜ ਮਾਰਚ ਨੂੰ ਹੋਣਗੀਆਂ। -ਪੀਟੀਆਈ