ਹੈਦਰਾਬਾਦ: ‘ਭਾਰਤ ਬਾਇਓਟੈੱਕ’ ਨੇ ਕਿਹਾ ਹੈ ਕਿ 150 ਰੁਪਏ ਪ੍ਰਤੀ ਖੁਰਾਕ ਦੀ ਦਰ ਨਾਲ ਕੇਂਦਰ ਸਰਕਾਰ ਨੂੰ ਕੰਪਨੀ ਦੀ ਕੋਵਿਡ- 19 ਵੈਕਸੀਨ ਦੀ ਸਪਲਾਈ ਲੰਮੇ ਸਮੇਂ ਤੱਕ ਕਰਨੀ ਸੰਭਵ ਨਹੀਂ ਹੈ। ਕੇਂਦਰ ਸਰਕਾਰ ਦੀ ਸਪਲਾਈ ਕੀਮਤ ਕਾਰਨ ਪ੍ਰਾਈਵੇਟ ਸੈਕਟਰ ਵਿੱਚ ਕੀਮਤਾਂ ਸਬੰਧੀ ਢਾਂਚੇ ਵਿੱਚ ਤਬਦੀਲੀ ਆ ਰਹੀ ਹੈ ਤੇ ਇਹ ਵਧ ਰਹੀਆਂ ਹਨ। ਭਾਰਤ ਵਿੱਚ ਨਿੱਜੀ ਖੇਤਰ ਲਈ ਉਪਲਬਧ ਹੋਰ ਕੋਵਿਡ- 19 ਰੋਕੂ ਵੈਕਸੀਨ ਦੀ ਤੁਲਨਾ ਵਿੱਚ ਕੋਵੈਕਸੀਨ ਲਈ ਵੱਧ ਕੀਮਤ ਨੂੰ ਸਹੀ ਦੱਸਦਿਆਂ ਕੰਪਨੀ ਨੇ ਕਿਹਾ ਕਿ ਘੱਟ ਮਾਤਰਾ ਵਿੱਚ ਖਰੀਦ, ਵੰਡ ਵਿੱਚ ਆਉਣ ਵਾਲੀ ਵੱਧ ਲਾਗਤ ਤੇ ਪਰਚੂਨ ਮੁਨਾਫ਼ੇ ਆਦਿ ਕਈ ਬੁਨਿਆਦੀ ਕਾਰੋਬਾਰੀ ਕਾਰਨ ਹਨ। ‘ਭਾਰਤ ਬਾਇਓਟੈੱਕ’ ਨੇ ਕਿਹਾ ਕਿ ਲਾਗਤ ਕੱਢਣ ਲਈ ਨਿੱਜੀ ਬਾਜ਼ਾਰ ਵਿੱਚ ਵੱਧ ਕੀਮਤ ਰੱਖਣੀ ਜ਼ਰੂਰੀ ਹੈ। -ਪੀਟੀਆਈ