ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੌਮੀ ਰਾਜਧਾਨੀ ’ਚ ਸਿੰਘੂ ਬਾਰਡਰ ’ਤੇ ਧਰਨਾ ਲਾਈ ਬੈਠੇ ਕਿਸਾਨਾਂ ਨਾਲ ਅੱਜ ਗੱਲਬਾਤ ਕੀਤੀ ਤੇ ਕਿਸਾਨੀ ਸੰਘਰਸ਼ ’ਚ ਹਰ ਸੰਭਵ ਹਮਾਇਤ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਨੂੰ ਭੁੱਖੇ ਰਹਿਣ ਲਈ ਮਜਬੂਰ ਕਰਨਾ ਮੰਦਭਾਗਾ ਹੈ। ਇਸ ਮਹੀਨੇ ’ਚ ਇਹ ਦੂਜੀ ਵਾਰ ਹੈ ਜਦੋਂ ਟੀਐੱਮਸੀ ਸੁਪਰੀਮੋ ਨੇ ਟੈਲੀਫੋਨ ’ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ। ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਪਾਰਟੀ ਨਾਲ ਸਬੰਧਤ ਪੰਜ ਸੰਸਦ ਮੈਂਬਰ ਅੱਜ ਸਿੰਘੂ ਬਾਰਡਰ ’ਤੇ ਕਿਸਾਨਾਂ ਨੂੰ ਮਿਲੇ ਤੇ ‘ਕਿਸਾਨ ਦਿਹਾੜੇ’ ਉੱਤੇ ਉਨ੍ਹਾਂ ਨਾਲ ਇਕਜੁੱਟਤਾ ਦਾ ਮੁਜ਼ਾਹਰਾ ਕੀਤਾ। ਪਾਰਟੀ ਨੇ ਕਿਹਾ, ‘ਮਮਤਾ ਬੈਨਰਜੀ ਦੀਆਂ ਹਦਾਇਤਾਂ ਉੱਤੇ ਡੈਰੇਕ ਓ’ਬ੍ਰਾਇਨ, ਸ਼ਤਾਬਦੀ ਰੌਏ, ਪ੍ਰਸੂਨ ਬੈਨਰਜੀ, ਪ੍ਰਤਿਮਾ ਮੰਡਲ ਤੇ ਮੁਹੰਮਦ ਨਦੀਮੁਲ ਹੱਕ ਦੀ ਸ਼ਮੂਲੀਅਤ ਵਾਲਾ ਪੰਜ ਮੈਂਬਰੀ ਵਫ਼ਦ ਸਿੰਘੂ ਬਾਰਡਰ ’ਤੇ ਲੜੀਵਾਰ ਭੁੱਖ ਹੜਤਾਲ ’ਤੇ ਬੈਠੇ ਕਿਸਾਨਾਂ ਨੂੰ ਮਿਲਿਆ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਮਮਤਾ ਬੈਨਰਜੀ ਨਾਲ ਟੈਲੀਫੋਨ ਜ਼ਰੀਏ ਗੱਲਬਾਤ ਕੀਤੀ ਤੇ ਮੁੱਖ ਮੰਤਰੀ ਨੇ ਕਿਸਾਨ ਸੰਘਰਸ਼ ਨੂੰ ਪੂਰੀ ਹਮਾਇਤ ਦੇਣ ਦਾ ਯਕੀਨ ਦਿਵਾਇਆ। ਕੁਝ ਕਿਸਾਨਾਂ ਨੇ ਟੀਐੱਮਸੀ ਸੁਪਰੀਮੋ ਨੂੰ ਧਰਨੇ ਵਾਲੀ ਥਾਂ ਆਉਣ ਦਾ ਸੱਦਾ ਵੀ ਦਿੱਤਾ।’
-ਪੀਟੀਆਈ