ਸ਼ਿਮਲਾ, 31 ਮਾਰਚ
ਹਿਮਾਚਲ ਪ੍ਰਦੇਸ਼ ਦੇ ਉੱਚੇ ਅਤੇ ਕਬਾਇਲੀ ਖੇਤਰਾਂ ਵਿੱਚ ਪਿਛਲੇ 24 ਘੰਟਿਆਂ ਵਿੱਚ ਹਲਕੀ ਬਰਫਬਾਰੀ ਜਾਰੀ ਹੈ, ਜਦੋਂਕਿ ਦਰਮਿਆਨੇ ਅਤੇ ਨੀਵੇਂ ਪਹਾੜੀ ਖੇਤਰਾਂ ਵਿੱਚ ਕਾਫ਼ੀ ਮੀਂਹ ਪਿਆ ਹੈ। ਇਸ ਨਾਲ ਮੌਸਮ ਖਰਾਬ ਹੋ ਗਿਆ ਹੈ। ਸਥਾਨਕ ਮੌਸਮ ਵਿਭਾਗ ਨੇ ਇੱਕ ਅਪਰੈਲ ਨੂੰ ਛੱਡ ਕੇ ਛੇ ਅਪਰੈਲ ਤੱਕ ਸੂਬੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਆਦਿਵਾਸੀ ਲਾਹੌਲ ਅਤੇ ਸਪਿਤੀ ਜ਼ਿਲ੍ਹੇ ਦੇ ਗੋਂਦਲਾ ਵਿੱਚ 22 ਸੈਂਟੀਮੀਟਰ ਬਰਫਬਾਰੀ ਹੋਈ। ਇਸ ਮਗਰੋਂ ਕੁਕੁਮਸੇਰੀ ਵਿੱਚ 11.6 ਸੈਂਟੀਮੀਟਰ, ਕੇਲੌਂਗ ਵਿਚ 7.5 ਸੈਂਟੀਮੀਟਰ ਅਤੇ ਕਲਪਾ ਵਿੱਚ 5.5 ਸੈਂਟੀਮੀਟਰ ਜਦੋਂਕਿ ਸੁੰਦਰਨਗਰ, ਸ਼ਿਮਲਾ ਅਤੇ ਸੋਲਨ ਦੇ ਕੁੱਝ ਖੇਤਰਾਂ ਵਿੱਚ ਗੜੇ ਪਏ ਹਨ। ਸ਼ਿਮਲਾ ਸਥਿਤ ਮੌਸਮ ਵਿਭਾਗ ਦੇ ਦਫ਼ਤਰ ਨੇ ਸੂਬੇ ਵਿੱਚ ਦੋ ਤੋਂ ਛੇ ਅਪਰੈਲ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਦਰਮਿਆਨੇ ਅਤੇ ਨੀਵੇਂ ਪਹਾੜੀ ਖੇਤਰਾਂ ਵਿੱਚ ਮੀਂਹ ਪੈਣ ਕਾਰਨ ਕਈ ਥਾਈਂ ਆਵਾਜਾਈ ਵੀ ਪ੍ਰਭਾਵਿਤ ਹੋਈ। ਕਈ ਥਾਈਂ ਸੜਕਾਂ ’ਤੇ ਬਰਫ਼ ਪੈਣ ਕਾਰਨ ਵਾਹਨ ਰਾਹ ਵਿੱਚ ਹੀ ਖੜ੍ਹੇ ਸਨ। ਇਸ ਦੌਰਾਨ ਕਈ ਥਾਈਂ ਬਰਫ਼ ਪੈਣ ਕਾਰਨ ਪਹਾੜੀ ਖੇਤਰਾਂ ਵਿੱਚ ਠੰਢ ਵਧ ਗਈ ਹੈ। -ਪੀਟੀਆਈ
ਮੀਂਹ ਪੈਣ ਅਤੇ ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜ ਮਾਰਗ ਬੰਦ
ਬਨਿਹਾਲ/ਜੰਮੂ: ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਕੁੱਝ ਖੇਤਰਾਂ ਵਿੱਚ ਰਾਤ ਨੂੰ ਪਏ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਰਾਸ਼ਟਰੀ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਆਵਾਜਾਈ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ 270 ਕਿੱਲੋਮੀਟਰ ਲੰਬੇ ਰਾਜ ਮਾਰਗ ’ਤੇ ਆਵਾਜਾਈ ਬਹਾਲ ਕਰਾਉਣ ਲਈ ਵਿਭਾਗ ਦੇ ਕਾਮੇ ਕਿਸ਼ਤਵਾੜ ਅਤੇ ਮੇਹਰ-ਕੈਫੇਟੇਰੀਆ ਮੋੜ ’ਤੇ ਸਵੇਰ ਤੋਂ ਹੀ ਕੰਮ ’ਤੇ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਅੱਧੀ ਰਾਤ ਨੂੰ ਬਨਿਹਾਲ ਖੇਤਰ ਵਿੱਚ ਨਚਲਾਨਾ ਨੇੜੇ ਕਿਸ਼ਤਵਾੜ ਪਾਥੇਰ ਵਿੱਚ ਕਾਫੀ ਢਿੱਗਾਂ ਡਿੱਗੀਆਂ। ਇਸ ਦੌਰਾਨ ਮਿੱਟੀ ਧੱਸਣ ਅਤੇ ਪਹਾੜ ਤੋਂ ਪੱਥਰ ਡਿੱਗਣ ਕਾਰਨ ਰਾਮਬਨ ਸ਼ਹਿਰ ਨੇੜੇ ਮੇਹਰ-ਕੈਫੇਟੇਰੀਆ ਮੋੜ ’ਤੇ ਸੜਕ ਬੰਦ ਹੋ ਗਈ। ਢਿੱਗਾਂ ਡਿੱਗਣ ਕਾਰਨ ਅੱਜ ਸਵੇਰੇ ਸ੍ਰੀਨਗਰ ਜਾਣ ਵਾਲੇ ਵਾਹਨਾਂ ਨੂੰ ਜੰਮੂ ਦੇ ਨਗਰੋਟਾ ਅਤੇ ਊਧਮਪੁਰ ਦੇ ਜਖਾਨੀ ਵਿੱਚ ਰੋਕ ਦਿੱਤਾ ਗਿਆ। ਜੰਮੂ ਵੱਲ ਜਾਣ ਵਾਲੇ ਵਾਹਨਾਂ ਨੂੰ ਦੱਖਣੀ ਕਸ਼ਮੀਰ ਵਿੱਚ ਕਾਜੀਗੁੰਡ ਤੋਂ ਅੱਗੇ ਜਾਣ ਦੀ ਆਗਿਆ ਨਾ ਦਿੱਤੀ ਗਈ। ਦੇਰ ਸ਼ਾਮ ਰਾਮਬਨ ਦੇ ਪੰਥਿਆਲ ਵਿੱਚ ਪਹਾੜੀ ਤੋਂ ਡਿੱਗੇ ਪੱਥਰਾਂ ਕਾਰਨ ਇੱਕ ਟਰੱਕ ਨੁਕਸਾਨਿਆ ਗਿਆ ਪਰ ਡਰਾਈਵਰ ਅਤੇ ਕਲੀਨਰ ਦਾ ਬਚਾਅ ਹੋ ਗਿਆ। ਉਧਰ ਜੰਮੂ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿੱਚ ਅੱਜ ਬਰਫ਼ ਦੇ ਤੋਦੇ ਡਿੱਗਣ ਕਾਰਨ ਸ੍ਰੀਨਗਰ-ਸੋਨਮਰਗ ਮਾਰਗ ਬੰਦ ਹੋ ਗਿਆ ਅਤੇ ਇਸ ਦੌਰਾਨ ਫਸੇ ਕੁੱਝ ਵਾਹਨਾਂ ਨੂੰ ਸੁਰੱਖਿਅਤ ਕੱਢਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹੰਗ ਇਲਾਕੇ ਵਿੱਚ ਬਰਫ਼ ਦੇ ਤੋਦੇ ਡਿੱਗਣ ਕਾਰਨ ਸ੍ਰੀਨਗਰ-ਸੋਨਮਰਗ ਮਾਰਗ ਬੰਦ ਹੋ ਗਿਆ। ਇੱਕ ਅਧਿਕਾਰੀ ਨੇ ਦੱਸਿਆ, ‘‘ਬਰਫ਼ੀਲੇ ਤੂਫ਼ਾਨ ਦੇ ਮੱਦੇਨਜ਼ਰ ਸੜਕ ’ਤੇ ਬਰਫ਼ ਜੰਮਣ ਕਾਰਨ ਕੁੱਝ ਵਾਹਨ ਫਸ ਗਏ। ਬਰਫ਼ ਦੇ ਭਾਰੀ ਤੋਦਿਆਂ ਵਿੱਚ ਫਸੇ ਦੋ ਵਾਹਨਾਂ ਨੂੰ ਕੱਢਿਆ ਗਿਆ ਹੈ। ਹਾਲਾਂਕਿ, ਇਸ ਘਟਨਾ ਵਿੱਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਹਾਲੇ ਤੱਕ ਕੋਈ ਖ਼ਬਰ ਨਹੀਂ ਹੈ।’’ ਉਨ੍ਹਾਂ ਦੱਸਿਆ ਕਿ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਬਚਾਅ ਕਾਰਜ ਚਲਾਇਆ ਗਿਆ। ਇਸ ਮੌਕੇ ਸਰਹੱਦੀ ਸੜਕ ਸੰਗਠਨ (ਬੀਆਰਓ) ਦੇ ਨੌਜਵਾਨ ਵੀ ਮੌਜੂਦ ਸਨ। -ਪੀਟੀਆਈ/ਆਈਏਐੱਨਐੱਸ