ਨਵੀਂ ਦਿੱਲੀ, 30 ਜੂਨ
ਕਾਂਗਰਸ ਨੇ ਕੁਕਿੰਗ ਗੈਸ ਦੀਆਂ ਵਧੀਆਂ ਕੀਮਤਾਂ ’ਤੇ ਕੇਂਦਰ ਨੂੰ ਘੇਰਦਿਆਂ ਕਿਹਾ ਕਿ ਦੇਸ਼ ’ਚ ਦੋ ਭਾਰਤ ਬਣਾ ਦਿੱਤੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਚੋਣਵੇਂ ਵਿਅਕਤੀ ਅਮੀਰ ਹੋ ਰਹੇ ਹਨ ਜਦਕਿ ਆਮ ਲੋਕਾਂ ਨੂੰ ਇਕ ਵੀ ਘਰੇਲੂ ਸਿਲੰਡਰ ਭਰਵਾਉਣਾ ਮੁਸ਼ਕਲ ਹੋਇਆ ਪਿਆ ਹੈ।
ਇਕ ਮੀਡੀਆ ਰਿਪੋਰਟ ਸਾਂਝੀ ਕਰਦਿਆਂ, ਜਿਸ ’ਚ ਦਾਅਵਾ ਕੀਤਾ ਗਿਆ ਕਿ 3.9 ਕਰੋੜ ਖਪਤਕਾਰ 2021-22 ’ਚ ਸਿਲੰਡਰ ਨਹੀਂ ਭਰਵਾ ਸਕੇ, ਕਾਂਗਰਸ ਆਗੂ ਰਾਹੁਲ ਗਾਂਧੀ ਨੇ 2016 ’ਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਇਸ਼ਤਿਹਾਰਾਂ ’ਤੇ ਖ਼ਰਚੀ ਗਈ ਰਕਮ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੈਟਰੋਲ ਪੰਪਾਂ ਤੋਂ ਲੈ ਕੇ ਅਖ਼ਬਾਰਾਂ ਤੱਕ ਕਰੋੜਾਂ ਰੁਪਏ ਇਸ ਯੋਜਨਾ ਤਹਿਤ ਖ਼ਰਚੇ ਗਏ ਸਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਗਸਤ ’ਚ ਦੂਜੀ ਵਾਰ ਲਾਂਚ ਕੀਤੀ ਗਈ ਉੱਜਵਲਾ ਯੋਜਨਾ ’ਤੇ ਮੁੜ ਟੈਕਸਦਾਤਿਆਂ ਦਾ ਕਰੋੜਾਂ ਰੁਪਿਆ ਇਸ਼ਤਿਹਾਰਾਂ ’ਤੇ ਖ਼ਰਚਿਆ ਗਿਆ। ਰਾਹੁਲ ਨੇ ਫੇਸਬੁੱਕ ’ਤੇ ਪੋਸਟ ਪਾਉਂਦਿਆਂ ਕਿਹਾ ਕਿ ਅੱਜ ਇਕ ਸਿਲੰਡਰ ਦੀ ਕੀਮਤ ਇਕ ਹਜ਼ਾਰ ਰੁਪਏ ਤੋਂ ਜ਼ਿਆਦਾ ਹੈ ਅਤੇ ਗਰੀਬ ਲੋਕ ਇਹ ਬਰਦਾਸ਼ਤ ਨਹੀਂ ਕਰ ਸਕਦੇ ਹਨ। ‘ਮੈਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਦੋ ਭਾਰਤ ਬਣਾ ਦਿੱਤੇ ਹਨ। ਇਕ ਅਮੀਰਾਂ ਲਈ ਅਤੇ ਦੂਜਾ ਗਰੀਬਾਂ ਲਈ ਹੈ। ਆਪਣੀ ਇਕ ਰੈਲੀ ’ਚ ਪ੍ਰਧਾਨ ਮੰਤਰੀ ਉਨ੍ਹਾਂ ਮਾਵਾਂ ਲਈ ਭਾਵੁਕ ਹੋ ਗਏ ਸਨ ਜੋ ਚੁੱਲ੍ਹੇ ’ਤੇ ਭੋਜਨ ਬਣਾਉਂਦੀਆਂ ਸਨ ਪਰ ਇਕ ਸਾਲ ਦੇ ਅੰਦਰ ਹੀ ਉਨ੍ਹਾਂ 3.59 ਕਰੋੜ ਲੋਕਾਂ ਨੂੰ ਮੁੜ ਚੁੱਲ੍ਹੇ ਬਾਲਣ ਲਈ ਮਜਬੂਰ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਜੀ ਤੁਸੀਂ ਫਰਜ਼ੀ ਹੰਝੂ ਕਿਵੇਂ ਵਹਾ ਸਕਦੇ ਹੋ?’ ਇਸ ਤੋਂ ਪਹਿਲਾਂ ਇਹੋ ਮੀਡੀਆ ਰਿਪੋਰਟ ਸਾਂਝੀ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵਿੱਟਰ ’ਤੇ ਕਿਹਾ ਕਿ ਅੱਜ ਦੇਸ਼ ’ਚ ਦੋ ਭਾਰਤ ਹਨ। ਇਕ ਜਿਥੇ ‘ਵਿਸ਼ਵ ਗੁਰੂ’ ਦੇ ਕੁਝ ਚੋਣਵੇਂ ਦੋਸਤ ਰੋਜ਼ ਅਮੀਰ ਹੋ ਰਹੇ ਹਨ ਅਤੇ ਦੂਜੇ ’ਚ ਆਮ ਲੋਕ ਇਕ ਵੀ ਸਿਲੰਡਰ ਭਰਵਾਉਣ ਦੇ ਯੋਗ ਨਹੀਂ ਰਹੇ। -ਪੀਟੀਆਈ