ਕੂਚ ਬਿਹਾਰ, 6 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਮੁਸਲਮਾਨਾਂ ਨੂੰ ਵੱਡੀ ਗਿਣਤੀ ’ਚ ਤ੍ਰਿਣਮੂਲ ਕਾਂਗਰਸ ਨੂੰ ਵੋਟਾਂ ਪਾਉਣ ਦੀ ਕੀਤੀ ਗਈ ਅਪੀਲ ਤੋਂ ਦੀਦੀ ਦੇ ਮਨ ’ਚ ਡਰ ਬੈਠ ਗਿਆ ਹੈ ਕਿ ਘੱਟ ਗਿਣਤੀਆਂ ਦੀਆਂ ਵੋਟਾਂ ਉਸ ਦੇ ਹੱਥੋਂ ਨਿਕਲ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹੋ ਅਪੀਲ ਭਾਜਪਾ ਵੱਲੋਂ ਹਿੰਦੂਆਂ ਨੂੰ ਕੀਤੀ ਜਾਂਦੀ ਤਾਂ ਪਾਰਟੀ ਨੂੰ ਮੀਡੀਆ ਅਤੇ ਚੋਣ ਕਮਿਸ਼ਨ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ। ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਨੂੰ ਤਿਲਕ ਅਤੇ ਭਗਵੇਂ ਕੱਪੜੇ ਪਹਿਨਣ ਵਾਲੇ ਲੋਕਾਂ ਨਾਲ ਦਿੱਕਤਾਂ ਹਨ। ਪੱਛਮੀ ਬੰਗਾਲ ’ਚ ਭਾਜਪਾ ਦੀ ਲਹਿਰ ਚੱਲਣ ਅਤੇ ਸੂਬੇ ’ਚ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੀਦੀ ਦੇ ਗੁੱਸੇ ਤੋਂ ਸੰਕੇਤ ਮਿਲਦਾ ਹੈ ਕਿ ਉਹ ਚੋਣਾਂ ਹਾਰ ਗਈ ਹੈ। ਇਥੇ ਚੋੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੀ ਜਿੱਤ ਦੀ ਭਵਿੱਖਬਾਣੀ ਕਰਨ ਲਈ ਕਿਸੇ ਕੋਲ ਅਲੌਕਿਕ ਸ਼ਕਤੀ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਪਾਰਟੀ ਦੇ ਪੱਖ ’ਚ ਚੱਲ ਰਹੀ ਲਹਿਰ ਹੀ ਇਸ ਦਾ ਸਬੂਤ ਹੈ। ‘ਰੱਬ ਦੇ ਰੂਪ ’ਚ ਜਨਤਾ ਜਨਾਰਧਨ ਨੇ ਆਪਣਾ ਫਤਵਾ ਦੇ ਦਿੱਤਾ ਹੈ ਅਤੇ ਸਾਰੇ ਜਾਣਦੇ ਹਨ ਕਿ ਹਵਾ ਕਿਸ ਦੇ ਪੱਖ ’ਚ ਵਗ ਰਹੀ ਹੈ।’ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਪਹਿਲੇ ਦੋ ਗੇੜਾਂ ਤੋਂ ਹੀ ਸਪੱਸ਼ਟ ਹੋ ਗਿਆ ਹੈ ਕਿ ਦੀਦੀ ਦਾ ਜਾਣਾ ਤੈਅ ਹੈ। ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਮਮਤਾ ਬੈਨਰਜੀ ਨੇ ਉਨ੍ਹਾਂ ਦੀਆਂ ਰੈਲੀਆਂ ’ਚ ਲੋਕਾਂ ਵੱਲੋਂ ਪੈਸੇ ਲੈ ਕੇ ਆਉਣ ਦੇ ਦਿੱਤੇ ਬਿਆਨ ਨੇ ਬੰਗਾਲੀਆਂ ਦੇ ਆਤਮ ਸਨਮਾਨ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਮਹਿਲਾਵਾਂ, ਦਲਿਤਾਂ, ਪੱਛੜੇ ਵਰਗਾਂ, ਕਿਸਾਨਾਂ ਅਤੇ ਚਾਹ ਬਾਗਾਨਾਂ ਦੇ ਵਰਕਰਾਂ ਨਾਲ ਬੇਇਨਸਾਫ਼ੀ ਹੁੰਦੀ ਰਹੀ ਅਤੇ ਹੁਣ ਬਦਲਾਅ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਰ ਨੂੰ ਦੇਖਦਿਆਂ ਦੀਦੀ ਚੋਣ ਕਮਿਸ਼ਨ ਤੋਂ ਲੈ ਕੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਤੱਕ ਦੀ ਆਲੋਚਨਾ ਕਰ ਰਹੀ ਹੈ। ਤ੍ਰਿਣਮੂਲ ਕਾਂਗਰਸ ਦੇ ਕੁਝ ਆਗੂਆਂ ਵੱਲੋਂ ਮਮਤਾ ਬੈਨਰਜੀ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਾਰਾਨਸੀ ਤੋਂ ਲੜਨ ਦੇ ਦਿੱਤੇ ਗਏ ਸੁਝਾਅ ਦਾ ਮਖੌਲ ਉਡਾਉਂਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਸ ਤੋਂ ਸਾਬਿਤ ਹੋ ਗਿਆ ਹੈ ਕਿ ਦੀਦੀ ਨੇ ਚੋਣਾਂ ’ਚ ਹਾਰ ਸਵੀਕਾਰ ਕਰ ਲਈ ਹੈ ਅਤੇ ਹੁਣ ਉਹ ਬੰਗਾਲ ਤੋਂ ਬਾਹਰ ਕੋਈ ਦੂਜੀ ਸੀਟ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸੱਤਾ ’ਚ ਆਉਣ ਮਗਰੋਂ ਕਿਸੇ ਵੀ ਸਮਾਜਿਕ ਯੋਜਨਾ ਨੂੰ ਬੰਦ ਨਹੀਂ ਕੀਤਾ ਜਾਵੇਗਾ ਅਤੇ ਸਿਰਫ਼ ‘ਤੋਲਾਬਾਜ਼ੀ’ ਤੇ ‘ਕੱਟ ਮਨੀ’ ’ਤੇ ਲਗਾਮ ਲਾਈ ਜਾਵੇਗੀ। -ਪੀਟੀਆਈ