ਭਾਨੂ (ਪੰਚਕੂਲਾ), 30 ਅਕਤੂਬਰ
ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਲਏਸੀ) ਉੱਤੇ ਤਾਇਨਾਤ ਭਾਰਤ ਤਿੱਬਤ ਸੀਮਾ ਪੁਲੀਸ (ਆਈਟੀਬੀਪੀ) ਦੇ ਜਵਾਨਾਂ ਨੂੰ ਨਵੀਂ ਯੁੱਧ ਤਕਨੀਕ ਸਬੰਧੀ ਸਿਖਲਾਈ ਦਿੱਤੀ ਜਾ ਰਹੀ ਹੈ। ਗਲਵਾਨ ਘਾਟੀ ’ਚ ਚੀਨੀ ਫ਼ੌਜੀਆਂ ਨਾਲ ਹੋਈਆਂ ਝੜਪਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਜਵਾਨ ਬਿਨਾਂ ਹਥਿਆਰਾਂ ਦੇ ਯੁੱਧ ਸਬੰਧੀ ਸਿਖਲਾਈ ਲੈ ਰਹੇ ਹਨ। ਆਈਟੀਬੀਪੀ ਦੀ ਸਿਖਲਾਈ ਵਿੱਚ ਮਾਰਸ਼ਲ ਆਰਟਸ ਦੀਆਂ ਵੱਖ-ਵੱਖ ਤਕਨੀਕਾਂ ਜਿਵੇਂ ਜੂਡੋ, ਕਰਾਟੇ ਅਤੇ ਕਰਾਵ ਮਾਗਾ ਦੇ 15-20 ਵੱਖ-ਵੱਖ ਯੁੱਧ ਅਭਿਆਸ ਸ਼ਾਮਲ ਹਨ। ਇਹ ਸਿਖਲਾਈ ਕੈਂਪ ਤਿੰਨ ਮਹੀਨੇ ਦੇ ਕਰੀਬ ਚੱਲੇਗਾ।
ਆਈਟੀਬੀਪੀ ਦੇ ਇੰਸਪੈਕਟਰ ਜਨਰਲ ਈਸ਼ਵਰ ਸਿੰਘ ਦੂਹਨ ਨੇ ਦੱਸਿਆ, ‘‘ਬਿਨਾਂ ਹਥਿਆਰਾਂ ਤੋਂ ਨਵੀਂ ਯੁੱਧ ਤਕਨੀਕ ਵਿੱਚ ਰੱਖਿਆਤਮਕ ਅਤੇ ਹਮਲਾਵਰ ਦੋਵੇਂ ਰੂਪ ਸ਼ਾਮਲ ਹਨ। ਅਸੀਂ ਸਾਬਕਾ ਡਾਇਰੈਕਟਰ ਜਨਰਲ ਸੰਜੈ ਅਰੋੜਾ ਦੇ ਨਿਰਦੇਸ਼ਾਂ ’ਤੇ ਪਿਛਲੇ ਸਾਲ ਆਪਣੇ ਜਵਾਨਾਂ ਲਈ ਇਹ ਮੌਡਿਊਲ ਅਪਣਾਇਆ ਸੀ। ਇਹ ਯੁੱਧ ਤਕਨੀਕ ਵਿਰੋਧੀਆਂ ਨੂੰ ਰੋਕਣ ਵਿੱਚ ਕਾਰਗਰ ਸਿੱਧ ਹੋਵੇਗੀ।’’ ਗਲਵਾਨ ਘਾਟੀ ਵਿੱਚ ਹੋਈਆਂ ਝੜਪਾਂ ਦੌਰਾਨ ਚੀਨ ਨੇ ਭਾਰਤੀ ਫ਼ੌਜ ’ਤੇ ਪੱਥਰਾਂ, ਨੋਕਦਾਰ ਡੰਡਿਆਂ ਅਤੇ ਲੋਹੇ ਦੀਆਂ ਰਾਡਾਂ ਦੀ ਵਰਤੋਂ ਕੀਤੀ ਸੀ। ਇਸ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ ਜਦਕਿ ਚੀਨ ਨੇ ਆਪਣੇ ਚਾਰ ਜਵਾਨ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ। ਇੱਥੇ ਸਿਖਲਾਈ ਦੀ ਨਿਗਰਾਨੀ ਕਰ ਰਹੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਿਨਾਂ ਹਥਿਆਰਾਂ ਤੋਂ ਯੁੱਧ ਤਕਨੀਕਾਂ ਵਿੱਚ ਜਵਾਨਾਂ ਨੂੰ ਆਪਣੀ ਤਾਕਤ ਦੀ ਵਰਤੋਂ ਇਸ ਤਰ੍ਹਾਂ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ ਜਿਸ ਨਾਲ ਵਿਰੋਧੀਆਂ ਨੂੰ ਮੂੰਹਤੋੜ ਜਵਾਬ ਦਿੱਤਾ ਜਾ ਸਕੇ। -ਪੀਟੀਆਈ