ਨਵੀਂ ਦਿੱਲੀ/ਪਿਥੋਰਗੜ੍ਹ, 2 ਸਤੰਬਰ
ਇੰਡੋ ਤਿੱਬਤੀਅਨ ਬਾਰਡਰ ਪੁਲੀਸ (ਆਈਟੀਬੀਪੀ) ਦੇ ਜਵਾਨਾਂ ਦੀ ਇੱਕ ਟੀਮ ਵੱਲੋਂ ਉੱਤਰਾਖੰਡ ਦੀਆਂ ਪਹਾੜੀਆਂ ਵਿੱਚ ਅੱਠ ਘੰਟਿਆਂ ’ਚ 25 ਕਿਲੋਮੀਟਰ ਸਫਰ ਤੈਅ ਕਰਕੇ ਇੱਕ ਖੱਚਰ ਚਾਲਕ ਲਾਸ਼ ਉਸ ਦੇ ਘਰ ਪਹੁੰਚਾਈ ਗਈ। ਇੱਕ ਅਧਿਕਾਰੀ ਨੇ ਦੱਸਿਆ ਨੇ ਕਿ ਆਈਟੀਬੀਪੀ ਦੀ 14ਵੀਂ ਬਟਾਲੀਅਨ ਦੇ ਜਵਾਨਾਂ ਨੇ ਇਹ ਔਖਾ ਪੈਂਡਾ 30 ਅਗਸਤ ਨੂੰ ਪਿਥੌਰਗੜ੍ਹ ਜ਼ਿਲ੍ਹੇ ਦੇ ਪਿੰਡ ਵਿੱਚ ਸਯੂਨੀ ਵਿੱਚ ਇੱਕ ਲਾਸ਼ ਪਈ ਹੋਣ ਦੀ ਸੂਚਨਾ ਮਿਲਣ ਮਗਰੋਂ ਤੈਅ ਕੀਤਾ। ਉਨ੍ਹਾਂ ਦੱਸਿਆ ਖੱਚਰ ਚਾਲਕ ਭੁਪੇਂਦਰ ਸਿੰਘ ਰਾਣਾ (30) ਆਈਟੀਬੀਪੀ ਦੇ ਉੱਚ ਸਥਾਨਾਂ ’ਤੇ ਸਥਿਤ ਕੈਂਪਾਂ ਵਿੱਚ ਰਾਸ਼ਨ ਤੇ ਹੋਰ ਜ਼ਰੂਰੀ ਸਾਮਾਨ ਪਹੁੰਚਾਉਣ ਦਾ ਕੰਮ ਕਰਦਾ ਸੀ। 28 ਅਗਸਤ ਨੂੰ ਪਹਾੜੀ ਤੋਂ ਡਿੱਗੇ ਪੱਥਰ ਵੱਜਣ ਕਾਰਨ ਉਸਦੀ ਮੌਤ ਹੋ ਗਈ ਸੀ। ਆਈਟੀਬੀਪੀ ਦੇ ਇੱਕ ਤਰਜਮਾਨ ਨੇ ਦੱਸਿਆ, ‘ਜਵਾਨਾਂ ਨੇ 8 ਘੰਟਿਆਂ ’ਚ 25 ਕਿਲੋਮੀਟਰ ਚੱਲ ਕੇ 30 ਸਾਲਾ ਭੁਪੇਂਦਰ ਸਿੰਘ ਦੀ ਲਾਸ਼ ਉਸ ਦੇ ਘਰ ਪਹੁੰਚਾਈ। ਉਹ ਸਵੇਰੇ 11:30 ਵਜੇ ਚੱਲ ਕੇ ਰਾਤ 7:30 ਵਜੇ ਮੁਨਸਯਾਰੀ ਪਿੰਡ ’ਚ ਪਹੁੰਚੇ।’ -ਪੀਟੀਆਈ