ਨਵੀਂ ਦਿੱਲੀ: ਪਾਬੰਦੀਸ਼ੁਦਾ ਜਥੇਬੰਦੀ ਜੰਮੂ ਕਸ਼ਮੀਰ ਲਬਿਰੇਸ਼ਨ ਫਰੰਟ ਦੇ ਮੁਖੀ ਯਾਸੀਨ ਮਲਿਕ ਨੂੰ ਸਲਾਖਾਂ ਪਿੱਛੇ ਡੱਕਣ ’ਚ ‘ਜੈਕ’, ‘ਜੌਹਨ’ ਤੇ ‘ਅਲਫ਼ਾ’ ਜਿਹੇ ਗਵਾਹਾਂ ਦੀ ਅਹਿਮ ਭੂਮਿਕਾ ਸੀ, ਜਿਨ੍ਹਾਂ ਨੂੰ ਐੱਨਆਈਏ ਨੇ ਸੁਰੱਖਿਆ ਮੁਹੱਈਆ ਕਰਵਾਈ ਸੀ। ਗਵਾਹਾਂ ਦੀ ਅਸਲ ਪਛਾਣ ਲੁਕਾਉਣ ਲਈ ਉਨ੍ਹਾਂ ਨੂੰ ਇਹ ਕੋਡ ਨਾਂ ਦਿੱਤੇ ਗਏ ਸਨ। ਐੱਨਆਈਏ ਨੇ ਦਹਿਸ਼ਤੀ ਫੰਡਿੰਗ ਕੇਸ ’ਚ 70 ਟਿਕਾਣਿਆਂ ’ਤੇ ਮਾਰੇ ਛਾਪਿਆਂ ਦੌਰਾਨ 600 ਦੇ ਕਰੀਬ ਇਲੈਕਟ੍ਰੋਨਿਕ ਯੰਤਰ ਕਬਜ਼ੇ ਵਿੱਚ ਲਏ ਸਨ। ਐੱਨਆਈਏ ਨੇ ਚਾਰ ਦਰਜਨ ਦੇ ਕਰੀਬ ਗਵਾਹਾਂ ਨੂੰ ਸੁਰੱਖਿਆ ਮੁਹੱਈਆ ਕੀਤੀ ਸੀ, ਪਰ ਕੋਡ ਨੇਮ ਕੁਝ ਨੂੰ ਹੀ ਦਿੱਤੇ ਸਨ। ਕੇਸ ਦੀ ਜਾਂਚ ਇੰਸਪੈਕਟਰ ਜਨਰਲ ਅਨਿਲ ਸ਼ੁਕਲਾ ਦੀ ਅਗਵਾਈ ਵਾਲੀ ਐੱਨਆਈਏ ਟੀਮ ਨੇ ਕੀਤੀ ਸੀ। ਉਸ ਮੌਕੇ ਐੱਨਆਈਏ ਦੇ ਡਾਇਰੈਕਟਰ ਸ਼ਰਦ ਕੁਮਾਰ ਸਨ। ਕੁਮਾਰ ਨੇ ਗੁੜਗਾਓਂ ਸਥਿਤ ਆਪਣੀ ਰਿਹਾਇਸ਼ ’ਤੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਐੱਨਆਈਏ ਕੋਰਟ ਦਾ ਫੈਸਲਾ ਯਕੀਨੀ ਤੌਰ ’ਤੇ ਕੇਸ ਦੀ ਤਫ਼ਤੀਸ਼ ਕਰਨ ਵਾਲੀ ਟੀਮ ਵੱਲੋਂ ਕੀਤੀ ਸਖ਼ਤ ਮਿਹਨਤ ਦਾ ਪੁਰਸਕਾਰ ਹੈ। ਮੇਰੀ ਇਸ ਫੈਸਲੇ ਤੋਂ ਪੂਰੀ ਤਸੱਲੀ ਹੈ।’’ ਮਲਿਕ ਖਿਲਾਫ਼ ਦੋਸ਼ ਆਇਦ ਕਰਨ ਮੌਕੇ ਵਿਸ਼ੇਸ਼ ਐੱਨਆਈਏ ਜੱਜ ਸੁਰੱਖਿਆ ਪ੍ਰਾਪਤ ਗਵਾਹਾਂ ‘ਜੈਕ’, ‘ਜੌਹਨ’ ਤੇ ‘ਗੌਲਫ’ ਸਣੇ ਹੋਰਨਾਂ ’ਤੇ ਨਿਰਭਰ ਰਿਹਾ। ਇਨ੍ਹਾਂ ਗਵਾਹਾਂ ਨੇ ਸੱਯਦ ਅਲੀ ਸ਼ਾਹ ਗਿਲਾਨੀ (ਹੁਣ ਮ੍ਰਿਤ) ਅਤੇ ਮਲਿਕ ਦਰਮਿਆਨ ਨਵੰਬਰ 2016 ਵਿੱਚ ਹੋਈਆਂ ਮੀਟਿੰਗਾਂ ਦਾ ਜ਼ਿਕਰ ਕੀਤਾ ਸੀ। -ਪੀਟੀਆਈ