ਕੋਲਕਾਤਾ, 20 ਅਗਸਤ
ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਜਾਦਵਪੁਰ ਯੂਨੀਵਰਸਿਟੀ, ਜਿੱਥੇ ਇਕ ਵਿਦਿਆਰਥੀ ਦੀ ਕਥਿਤ ਜਿਨਸੀ ਤੰਗ ਪ੍ਰੇਸ਼ਾਨ ਤੇ ਰੈਗਿੰਗ ਕੀਤੇ ਜਾਣ ਕਰਕੇ ਮੌਤ ਹੋ ਗਈ ਸੀ, ਵੱਲੋੋਂ ਇਸ ਮਾਮਲੇ ਵਿੱਚ ਯੂਜੀਸੀ ਨੂੰ ਭੇਜੀ ਰਿਪੋਰਟ ‘ਗੈਰ-ਤਸੱਲੀਬਖ਼ਸ਼’ ਹੈ। ਪ੍ਰਧਾਨ ਨੇ ਜ਼ੋਰ ਦੇ ਕੇ ਆਖਿਆ ਕਿ ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਸਰਕਾਰ ਇਸ ਘਟਨਾ ਲਈ ‘‘ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ।’’ ਮੰਤਰੀ ਨੇ ਕਿਹਾ ਕਿ ਯੂਜੀਸੀ ਨੇ ਐਂਟੀ-ਰੈਗਿੰਗ ਸਿਸਟਮ ਨੂੰ ਲੈ ਕੇ ਕੁਝ ਸੁਝਾਅ ਦਿੱਤੇ ਹਨ, ਜਿਨ੍ਹਾਂ ਵਿਚ ਸੀਸੀਟੀਵੀ ਕੈਮਰੇ ਸਥਾਪਿਤ ਕਰਨੇ, ਰੈਗਿੰਗ ਕੇਸਾਂ ਨਾਲ ਸਿੱਝਣ ਲਈ ਵੱਖਰੇ ਸੈੱਲ ਆਦਿ ਸ਼ਾਮਲ ਹਨ। ਉਧਰ ਜਾਦਵਪੁਰ ਯੂਨੀਵਰਸਿਟੀ ਦੇ ਨਵਨਿਯੁਕਤ ਅੰਤਰਿਮ ਉਪ ਕੁਲਪਤੀ ਬੁੱਧਾਦੇਬ ਸਾਓ ਨੇ ਕਿਹਾ ਕਿ ਕਥਿਤ ਰੈਗਿੰਗ ਤੇ ਜਿਨਸੀ ਤੰਗ-ਪ੍ਰੇਸ਼ਾਨ ਕੀਤੇ ਜਾਣ ਕਰਕੇ ਵਿਦਿਆਰਥੀ ਦੀ ਮੌਤ ਲਈ ‘ਕੁੱਲ ਮਿਲਾ ਕੇ’ ’ਵਰਸਿਟੀ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਕੈਂਪਸ ਵਿੱਚ ਸਿਹਤਮੰਦ ਮਾਹੌਲ ਲਈ ਢੁੱਕਵੇਂ ਸੁਰੱਖਿਆ ਪ੍ਰਬੰਧ ਦੀ ਲੋੜ ਹੈ। ਇਸ ਦੌਰਾਨ ਕੋਲਕਾਤਾ ਪੁਲੀਸ ਨੇ ਵਿਦਿਆਰਥੀ ਦੀ ਮੌਤ ਮਾਮਲੇ ’ਚ ਗ੍ਰਿਫ਼ਤਾਰ 12 ਵਿਅਕਤੀਆਂ ਨੂੰ ਵੱਖੋ-ਵੱਖਰੇ ਪੁਲੀਸ ਥਾਣਿਆਂ ਵਿਚ ਰੱਖਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਜਾਂਚ ਵਿਚ ਸਹਿਯੋਗ ਤੋਂ ਇਨਕਾਰੀ ਸਨ, ਜਿਸ ਕਰਕੇ ਇਨ੍ਹਾਂ ਨੂੰ ਅੱਡੋ-ਅੱਡ ਰੱਖਿਆ ਗਿਆ ਹੈ। -ਪੀਟੀਆਈ