ਨਵੀਂ ਦਿੱਲੀ, 8 ਜੁਲਾਈ
ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੇ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨ ਦੇ ਵਧੀਕ ਅਟਾਰਨੀ ਜਨਰਲ ਅਹਿਮਦ ਇਰਫਾਨ ਮੁਤਾਬਕ ਉਸ ਨੇ ਰਹਿਮ ਦੀ ਬਕਾਇਆ ਅਰਜ਼ੀ ਦੇ ਨਬਿੇੜੇ ਦੀ ਉਡੀਕ ਕਰਨ ਦਾ ਫ਼ੈਸਲਾ ਲਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨੀ ਸਰਕਾਰ ਨੇ ਜਾਧਵ ਨੂੰ ਦੂਜੀ ਸਫ਼ਾਰਤੀ ਰਸਾਈ ਦੀ ਪੇਸ਼ਕਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਫ਼ੌਜੀ ਅਦਾਲਤ ਨੇ ਜਾਸੂਸੀ ਅਤੇ ਅਤਿਵਾਦ ਦੇ ਦੋਸ਼ਾਂ ਹੇਠ ਉਸ ਨੂੰ ਅਪਰੈਲ 2017 ’ਚ ਸਜ਼ਾ-ਏ-ਮੌਤ ਸੁਣਾਈ ਸੀ। ਇਰਫਾਨ ਨੇ ਕਿਹਾ,‘‘ਕੁਲਭੂਸ਼ਣ ਜਾਧਵ ਨੂੰ ਪਿਛਲੇ ਮਹੀਨੇ 17 ਜੂਨ ਨੂੰ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰਨ ਲਈ ਕਿਹਾ ਗਿਆ ਸੀ। ਆਪਣੇ ਕਾਨੂੰਨੀ ਹੱਕ ਦੀ ਵਰਤੋਂ ਕਰਦਿਆਂ ਉਸ ਨੇ ਆਪਣੀ ਸਜ਼ਾ ਅਤੇ ਦੋਸ਼ਾਂ ’ਤੇ ਮੁੜ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ।’’ ਪ੍ਰੈੱਸ ਕਾਨਫਰੰਸ ਦੌਰਾਨ ਅਧਿਕਾਰੀ ਨੇ ਕਿਹਾ ਕਿ ਜਾਧਵ ਨੇ 17 ਅਪਰੈਲ 2017 ’ਚ ਦਾਖ਼ਲ ਕੀਤੀ ਗਈ ਰਹਿਮ ਦੀ ਅਰਜ਼ੀ ਦੇ ਨਬਿੇੜੇ ’ਤੇ ਹੀ ਜ਼ੋਰ ਦਿੱਤਾ ਹੈ। ਭਾਰਤ ਨੇ ਉਸ ਨੂੰ ਸੁਣਾਈ ਮੌਤ ਦੀ ਸਜ਼ਾ ਖਿਲਾਫ਼ ਕੌਮਾਂਤਰੀ ਨਿਆਂ ਅਦਾਲਤ ਦਾ ਰੁਖ ਕੀਤਾ ਸੀ ਜਿਸ ਨੇ ਪਿਛਲੇ ਸਾਲ ਜੁਲਾਈ ’ਚ ਪਾਕਿਸਤਾਨ ਨੂੰ ਹੁਕਮ ਦਿੱਤਾ ਸੀ ਕਿ ਉਹ ਜਾਧਵ ਨੂੰ ਫਾਂਸੀ ’ਤੇ ਨਾ ਚੜ੍ਹਾਏ ਅਤੇ ਦਿੱਤੀ ਗਈ ਸਜ਼ਾ ’ਤੇ ਵਿਚਾਰ ਕਰੇ।
-ਆਈਏਐਨਐਸ
ਭਾਰਤ ਵੱਲੋਂ ਪਾਕਿਸਤਾਨ ਦਾ ਦਾਅਵਾ ‘ਹਾਸੋ-ਹੀਣਾ’ ਕਰਾਰ
ਕੁਲਭੂਸ਼ਣ ਜਾਧਵ ਦੇ ਮਾਮਲੇ ’ਚ ਪਾਕਿਸਤਾਨ ਦੇ ਦਾਅਵੇ ’ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿ ‘ਡਰਾਮੇਬਾਜ਼ੀ’ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਸ ’ਚ ਮੁੜ ਨਜ਼ਰਸਾਨੀ ਦਾਇਰ ਨਾ ਕਰਨ ਬਾਰੇ ਜਾਧਵ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਤੇ ਜ਼ਬਰਦਸਤੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਜਾਧਵ ਕੋਲ ਬਚਦਾ ਇਕੋ-ਇਕ ਬਦਲ ਵੀ ‘ਬੇਸ਼ਰਮੀ’ ਨਾਲ ਖੋਹਿਆ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਕੌਮਾਂਤਰੀ ਨਿਆਂ ਅਦਾਲਤ ਦੇ ਨਿਰਦੇਸ਼ਾਂ ਦਾ ਪਾਲਣ ਨਹੀਂ ਕਰ ਰਿਹਾ ਹੈ।
ਭਾਰਤ ਨੇ ਮੰਗ ਕੀਤੀ ਕਿ ਬਿਨਾਂ ਕਿਸੇ ਅੜਿੱਕੇ ਦੇ ਜਾਧਵ ਨਾਲ ਮੁਲਾਕਾਤ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਭਾਰਤ ਨੂੰ ਕੁਲਭੂਸ਼ਣ ਜਾਧਵ ਮਾਮਲੇ ’ਚ ਐੱਫਆਈਆਰ, ਸਬੂਤ, ਅਦਾਲਤ ਦੇ ਹੁਕਮਾਂ ਸਮੇਤ ਕੋਈ ਵੀ ਪ੍ਰਸੰਗਕ ਦਸਤਾਵੇਜ਼ ਸੌਂਪਣ ਤੋਂ ਇਨਕਾਰ ਕਰ ਦਿੱਤਾ ਹੈ।
-ਪੀਟੀਆਈ