ਨਵੀਂ ਦਿੱਲੀ, 16 ਜੁਲਾਈ
ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ (71) ਨੂੰ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਨੇ ਆਪਣਾ ਉਪ ਰਾਸ਼ਟਰਪਤੀ ਉਮੀਦਵਾਰ ਐਲਾਨਿਆ ਹੈ। ਭਾਜਪਾ ਦੇ ਪ੍ਰਧਾਨ ਜੇ.ਪੀ. ਨੱਢਾ ਨੇ ਇਸ ਬਾਰੇ ਐਲਾਨ ਕਰਦਿਆਂ ਧਨਖੜ ਨੂੰ ‘ਕਿਸਾਨ ਪੁੱਤਰ’ ਦੱਸਿਆ ਜਿਸ ਨੇ ਖ਼ੁਦ ਨੂੰ ‘ਲੋਕਾਂ ਦੇ ਰਾਜਪਾਲ’ ਵਜੋਂ ਸਥਾਪਿਤ ਕੀਤਾ। ਜੁਲਾਈ 2019 ਵਿਚ ਪੱਛਮੀ ਬੰਗਾਲ ਦੇ ਰਾਜਪਾਲ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਧਨਖੜ ਦਾ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਬੰਗਾਲ ਸਰਕਾਰ ਨਾਲ ਕਈ ਮੁੱਦਿਆਂ ਉਤੇ ਟਕਰਾਅ ਚੱਲਦਾ ਰਿਹਾ ਹੈ। ਧਨਖੜ ਪੇਸ਼ੇ ਵਜੋਂ ਵਕੀਲ ਰਹੇ ਹਨ। ਉਹ 1989 ਵਿਚ ਸਿਆਸਤ ’ਚ ਦਾਖਲ ਹੋਏ ਤੇ ਉਸੇ ਸਾਲ ਰਾਜਸਥਾਨ ਦੇ ਝੁਨਝੁਨੂ ਤੋਂ ਲੋਕ ਸਭਾ ਮੈਂਬਰ ਚੁਣੇ ਗਏ। ਸੰਨ 1990 ਵਿਚ ਉਹ ਕੇਂਦਰੀ ਮੰਤਰੀ ਵੀ ਬਣੇ। ਧਨਖੜ ਨੇ ਰਾਜਸਥਾਨ ਹਾਈ ਕੋਰਟ ਤੇ ਸੁਪਰੀਮ ਕੋਰਟ ਵਿਚ ਵਕੀਲ ਵਜੋਂ ਪ੍ਰੈਕਟਿਸ ਕੀਤੀ ਹੈ। ਸੰਨ 1990 ਵਿਚ ਉਹ ਸੀਨੀਅਰ ਵਕੀਲ ਸਨ ਤੇ ਉਸੇ ਸਾਲ ਕੇਂਦਰੀ ਮੰਤਰੀ ਬਣ ਗਏ। ਉਹ ਕਿਸ਼ਨਗੜ੍ਹ ਹਲਕੇ ਤੋਂ ਵਿਧਾਇਕ ਵੀ ਰਹੇ ਹਨ। ਭਾਜਪਾ ਆਗੂਆਂ ਨੇ ਕਿਹਾ ਕਿ ਧਨਖੜ ਨੇ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਲੋਕਾਂ ਦੀ ਸੇਵਾ ਵਿਚ ਬਿਤਾਇਆ ਹੈ ਤੇ ਉਨ੍ਹਾਂ ਦੇ ਜੀਵਨ ਵਿਚੋਂ ਨਵੇਂ ਭਾਰਤ ਦੀ ਰੂਹ ਝਲਕਦੀ ਹੈ। ਉਨ੍ਹਾਂ ਕਿਹਾ ਕਿ ਧਨਖੜ ਨੇ ਆਪਣੇ ਟੀਚਿਆਂ ਦੀ ਪੂਰਤੀ ਲਈ ਅਣਗਿਣਤ ਸਮਾਜਿਕ ਤੇ ਆਰਥਿਕ ਅੜਿੱਕੇ ਪਾਰ ਕੀਤੇ ਹਨ। ਜ਼ਿਕਰਯੋਗ ਹੈ ਕਿ ਜਗਦੀਪ ਸਮਾਜਵਾਦੀ ਪਿਛੋਕੜ ਵਾਲੇ ਰਾਜਸਥਾਨ ਦੇ ਜਾਟ ਆਗੂ ਹਨ। ਭਾਜਪਾ ਦੇ ਸੰਸਦੀ ਬੋਰਡ ਦੀ ਮੀਟਿੰਗ ਵਿਚ ਧਨਖੜ ਨੂੰ ਉਮੀਦਵਾਰ ਬਣਾਉਣ ਬਾਰੇ ਫ਼ੈਸਲਾ ਲਿਆ ਗਿਆ ਹੈ। ਇਸ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਆਗੂ ਸ਼ਾਮਲ ਸਨ। ਕਈ ਨਾਵਾਂ ਉਤੇ ਵਿਚਾਰ ਕਰਨ ਤੋਂ ਬਾਅਦ ਧਨਖੜ ਦਾ ਨਾਂ ਸਾਹਮਣੇ ਆਇਆ ਹੈ। ਐਲਾਨ ਤੋਂ ਬਾਅਦ ਮੋਦੀ ਨੇ ਟਵੀਟ ਕੀਤਾ, ‘ਜਗਦੀਪ ਧਨਖੜ ਜੀ ਨੂੰ ਸਾਡੇ ਸੰਵਿਧਾਨ ਬਾਰੇ ਬਹੁਤ ਗਿਆਨ ਹੈ। ਉਨ੍ਹਾਂ ਨੂੰ ਵਿਧਾਨਕ ਮਾਮਲਿਆਂ ਬਾਰੇ ਵੀ ਡੂੰਘੀ ਜਾਣਕਾਰੀ ਹੈ। ਮੈਨੂੰ ਯਕੀਨ ਹੈ ਕਿ ਉਹ ਰਾਜ ਸਭਾ ਦੇ ਚੇਅਰਮੈਨ ਵਜੋਂ ਬਿਹਤਰ ਸੇਵਾਵਾਂ ਦੇਣਗੇ।’ ਧਨਖੜ ਨੇ ਵੀ ਟਵੀਟ ਕਰ ਕੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਦੱਸਣਯੋਗ ਹੈ ਕਿ ਰਾਜਸਥਾਨ ਵਿਚ ਜਾਟ ਪੱਛੜੇ ਭਾਈਚਾਰਿਆਂ ਦੇ ਵਰਗ ਵਿਚ ਆਉਂਦੇ ਹਨ। -ਪੀਟੀਆਈ
ਸਿਆਸੀ ਲਾਹਾ ਲੈਣ ਲਈ ਭਾਜਪਾ ਨੇ ਲਿਆ ਫੈਸਲਾ
ਭਾਜਪਾ ਵੱਲੋਂ ਧਨਖੜ ਨੂੰ ਉਪ ਰਾਸ਼ਟਰਪਤੀ ਦਾ ਉਮੀਦਵਾਰ ਐਲਾਨੇ ਜਾਣ ਨਾਲ ਪਾਰਟੀ ਨੂੰ ਸਿਆਸੀ ਲਾਭ ਵੀ ਮਿਲੇਗਾ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਚਰਨ ਸਿੰਘ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਤੋਂ ਬਿਨਾਂ ਕੋਈ ਵੀ ਜਾਟ ਆਗੂ ਐਨੇ ਉੱਚੇ ਅਹੁਦੇ ਤੱਕ ਨਹੀਂ ਪਹੁੰਚਿਆ ਹੈ। ਜਾਟ ਭਾਈਚਾਰੇ ਨਾਲ ਭਾਜਪਾ ਦੇ ਰਿਸ਼ਤੇ ਜ਼ਿਆਦਾ ਸੁਖਾਵੇਂ ਨਹੀਂ ਰਹੇ ਹਨ। ਹਰਿਆਣਾ, ਪੱਛਮੀ ਯੂਪੀ ਤੇ ਰਾਜਸਥਾਨ ਵਿਚ ਮੁੱਖ ਤੌਰ ’ਤੇ ਖੇਤੀਬਾੜੀ ਕਰਨ ਵਾਲਾ ਇਹ ਭਾਈਚਾਰਾ ਕਾਫ਼ੀ ਰਸੂਖ਼ ਰੱਖਦਾ ਹੈ। ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚ ਜਾਟਾਂ ਦਾ ਚੰਗਾ ਸਮਰਥਨ ਮਿਲਿਆ ਸੀ। ਹਾਲਾਂਕਿ ਵਿਧਾਨ ਸਭਾ ਚੋਣਾਂ ਵਿਚ ਮਜ਼ਬੂਤ ਸਮਰਥਨ ਨਹੀਂ ਮਿਲਿਆ।