ਧੁਬਰੀ (ਅਸਾਮ), 14 ਮਈ
ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਅਸਾਮ ਦੇ ਰਨਪਗਲੀ ’ਚ ਅੱਜ ਇੱਕ ਕੈਂਪ ਦਾ ਦੌਰਾ ਕੀਤਾ ਜਿੱਥੇ ਖੁਦ ਨੂੰ ਭਾਜਪਾ ਹਮਾਇਤੀ ਦੱਸ ਰਹੇ ਕਈ ਪਰਿਵਾਰਾਂ ਨੇ ਸ਼ਰਨ ਲਈ ਹੋਈ ਹੈ। ਇਨ੍ਹਾਂ ਪਰਿਵਾਰਾਂ ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਹਾਕਮ ਤ੍ਰਿਣਮੂਲ ਕਾਂਗਰਸ ਦੇ ਕਾਰਕੁਨ ਉਨ੍ਹਾਂ ’ਤੇ ਜ਼ੁਲਮ ਢਾਹ ਰਹੇ ਸਨ।
ਉੱਤਰੀ ਬੰਗਾਲ ਦੇ ਕੂਚ ਬਿਹਾਰ ਤੋਂ ਭਾਜਪਾ ਦੇ ਸੰਸਦ ਮੈਂਬਰ ਨਿਤੀਸ਼ ਪ੍ਰਮਾਣਿਕ ਨਾਲ ਧਨਖੜ ਨੇ ਅਸਾਮ ਦੇ ਧੁਬਰੀ ਜ਼ਿਲ੍ਹੇ ’ਚ ਕੈਂਪਾਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਔਰਤਾਂ ਤੇ ਬੱਚਿਆਂ ਨੇ ਵੀ ਇੱਥੇ ਸ਼ਰਨ ਲਈ ਹੋਈ ਹੈ। ਕੈਂਪ ’ਚ ਰਹਿ ਰਹੇ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੋ ਮਈ ਨੂੰ ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਬੰਗਾਲ ’ਚ ਆਪਣੇ ਘਰ ਛੱਡ ਦਿੱਤੇ ਸਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਤ੍ਰਿਣਮੂਲ ਕਾਂਗਰਸ ਦੇ ਗੁੰਡਿਆਂ ਨੇ ਉਨ੍ਹਾਂ ਦੇ ਘਰਾਂ ’ਚ ਭੰਨ ਤੋੜ ਕੀਤੀ। ਪੱਛਮੀ ਬੰਗਾਲ ਦੇ ਰਾਜਪਾਲ ਨੇ ਸੜਕ ਮਾਰਗ ਰਾਹੀਂ ਕੂਚ ਬਿਹਾਰ ਤੋਂ ਰਨਪਗਲੀ ’ਚ ਕੈਂਪ ਤੱਕ ਯਾਤਰਾ ਕੀਤੀ ਅਤੇ ਚੋਣਾਂ ਤੋਂ ਬਾਅਦ ਹੋਈ ਹਿੰਸਾ ਕਾਰਨ ਕਥਿਤ ਤੌਰ ’ਤੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਕੂਚ ਬਿਹਾਰ ਦੇ ਦੌਰੇ ਦੌਰਾਨ ਸੀਤਲਕੂਚੀ ’ਚ ਧਨਖੜ ਨੂੰ ਕਾਲੇ ਝੰਡੇ ਵੀ ਦਿਖਾਏ ਗਏ ਸਨ। ਇਸ ਦੌਰੇ ਨੂੰ ਲੈ ਕੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਵੀ ਚੱਲ ਰਹੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੰਘੇ ਬੁੱਧਵਾਰ ਪੱਤਰ ਲਿਖ ਕੇ ਦਾਅਵਾ ਕੀਤਾ ਸੀ ਕਿ ਹਿੰਸਾ ਪ੍ਰਭਾਵਿਤ ਕੂਚ ਬਿਹਾਰ ਜ਼ਿਲ੍ਹੇ ਦਾ ਰਾਜਪਾਲ ਵੱਲੋਂ ਦੌਰਾ ਨਿਯਮਾਂ ਦੀ ਉਲੰਘਣਾ ਕਰਦਾ ਹੈ ਜਦਕਿ ਧਨਖੜ ਨੇ ਇਹ ਕਹਿੰਦਿਆਂ ਜਵਾਬ ਦਿੱਤਾ ਹੈ ਕਿਉਹ ਸੰਵਿਧਾਨ ਤਹਿਤ ਆਪਣਾ ਫਰਜ਼ ਨਿਭਾਅ ਰਹੇ ਹਨ। -ਪੀਟੀਆਈ
ਧਨਖੜ ਨੇ ਮਮਤਾ ’ਤੇ ਲਾਇਆ ਚੁੱਪ ਧਾਰਨ ਕਰਨ ਦਾ ਦੋਸ਼
ਸਿਲੀਗੁੜੀ: ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਅੱਜ ਦੋਸ਼ ਲਾਇਆ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਹਿੰਸਾ ਦੌਰਾਨ ਹੋਏ ਖੂਨਖਰਾਬੇ ਨੂੰ ਲੈ ਕੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੁੱਪ ਧਾਰ ਲਈ ਹੈ। ਉਨ੍ਹਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੀ ਅਗਵਾਈ ਵਾਲੀ ਪੱਛਮੀ ਬੰਗਾਲ ਸਰਕਾਰ ਪੀੜਤ ਪਰਿਵਾਰਾਂ ਦਾ ਮੁੜ ਵਸੇਬਾ ਕਰਕੇ ਅਤੇ ਉਨ੍ਹਾਂ ਨੂੰ ਮਦਦ ਦੇ ਕੇ ਹਾਲਾਤ ਵਿਗੜਨ ਤੋਂ ਰੋਕ ਸਕਦੀ ਸੀ। ਧਨਖੜ ਨੇ ਕਿਹਾ, ‘ਰਾਜ ’ਚ ਖੂਨਖਰਾਬਾ ਤੇ ਕਤਲੇਆਮ ਹੋਇਆ। ਮੈਂ ਇਸ ’ਤੇ ਜ਼ਿਆਦਾ ਕੁਝ ਨਹੀਂ ਕਹਾਂਗਾ ਕਿਉਂਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪਰ ਮੁੱਖ ਮੰਤਰੀ ਦੀ ਚੁੱਪ ਮੇਰੇ ਲਈ ਚਿੰਤਾ ਦਾ ਕਾਰਨ ਹੈ।’ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੋਂ ਮਦਦ ਨਾਲ ਮਿਲਣ ਦੇ ਖਦਸ਼ੇ ਕਾਰਨ ਇਹ ਲੋਕ ਘਰ ਛੱਡ ਕੇ ਇੱਥੇ ਆਏ ਹਨ। ਉਨ੍ਹਾਂ ਲਈ ਤੇ ਸਰਕਾਰ ਲਈ ਇਸ ਤੋਂ ਵੱਧ ਸ਼ਰਮ ਦੀ ਗੱਲ ਨਹੀਂ ਹੋ ਸਕਦੀ ਕਿ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਦੂਜੇ ਰਾਜ ’ਚ ਸ਼ਰਨ ਲੈਣੀ ਪਈ ਹੋਵੇ। -ਪੀਟੀਆਈ