ਨਵੀਂ ਦਿੱਲੀ, 8 ਸਤੰਬਰ
ਸਥਾਨਕ ਅਦਾਲਤ ਨੇ ਜਹਾਂਗੀਰਪੁਰੀ ਹਿੰਸਾ ਕੇਸ ਵਿੱਚ 18 ਸਾਲਾ ਮੁਲਜ਼ਮ ਨੂੰ ਅੱਜ ਜ਼ਮਾਨਤ ਦੇ ਦਿੱਤੀ। ਕੋਰਟ ਨੇ ਜ਼ਮਾਨਤ ਮਨਜ਼ੂਰ ਕਰਨ ਮੌਕੇ ਮੁਲਜ਼ਮ ਦੀ ‘ਛੋਟੀ ਉਮਰ’ ਤੇ ਉਸ ਨਾਲ ਜੁੜੀ ਜਾਂਚ ਮੁਕੰਮਲ ਹੋਣ ਦਾ ਨੋਟਿਸ ਲਿਆ। ਉਂਝ ਅਦਾਲਤ ਨੇ ਜਿਸ ਮੁਲਜ਼ਮ ਨੂੰ ਰਾਹਤ ਦਿੱਤੀ, ਉਸ ਕੋਲ ਪਿਸਤੌਲ ਸੀ ਤੇ ਉਸ ਦੀ ਹਿੰਸਾ ਕੇਸ ਵਿੱਚ ਕਥਿਤ ਸਰਗਰਮ ਭੂਮਿਕਾ ਸੀ ਅਤੇ ਉਹਦੇ ਖਿਲਾਫ਼ ਦੰਗਿਆਂ, ਹਮਲੇ ਤੇ ਆਰਮਜ਼ ਐਕਟ ਦੀਆਂ ਵਿਵਸਥਾਵਾਂ ਸਣੇ ਆਈਪੀਸੀ ਤਹਿਤ ਵੱਖ ਵੱਖ ਅਪਰਾਧਾਂ ਦੇ ਦੋੋਸ਼ ਲਾਏ ਗਏ ਸਨ। ਵਧੀਕ ਸੈਸ਼ਨਜ਼ ਜੱਜ ਸਮਿਤਾ ਗਰਗ ਨੇ ਕਿਹਾ ਕਿ ਅਰਜ਼ੀਕਾਰ ਦੀ ਕੋਈ ਸੀਸੀਟੀਵੀ ਫੁਟੇਜ ਨਹੀਂ ਮਿਲੀ ਤੇ ਉਪਰੋਕਤ ਪਿਸਤੋਲ ਬਰਾਮਦ ਕੀਤਾ ਜਾ ਚੁੱਕਾ ਹੈ। ਅਦਾਲਤ ਨੇ ਮੁਲਜ਼ਮ ਨੂੰ 25000 ਦਾ ਨਿੱਜੀ ਮੁਚੱਲਕਾ ਤੇ ਇੰਨੀ ਹੀ ਰਾਸ਼ੀ ਦੀ ਜ਼ਾਮਨੀ ਭਰਨ ਲਈ ਕਿਹਾ ਹੈ। -ਪੀਟੀਆਈ