ਜੈਪੁਰ, 12 ਦਸੰਬਰ
ਇਥੇ ਕਾਂਗਰਸ ਵੱਲੋਂ ਕਰਵਾਈ ਗਈ ਮਹਿੰਗਾਈ ਹਟਾਓ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਕਾਂਗਰਸ ਨੇ ਜੋ ਕੁਝ ਵੀ ਉਸਾਰਿਆ ਹੈ, ਭਾਜਪਾ ਸਰਕਾਰ ਉਹ ਸਭ ਕੁਝ ਆਪਣੇ ਸਨਅਤੀ ਦੋਸਤਾਂ ਨੂੰ ਵੇਚਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਜਦੋਂ ਚੋਣਾਂ ਹੁੰਦੀਆਂ ਹਨ ਤਾਂ ਭਾਜਪਾ ਆਗੂ ਚੀਨ ਅਤੇ ਹੋਰਨਾਂ ਦੇਸ਼ਾਂ, ਜਾਤੀਵਾਦ ਤੇ ਫਿਰਕਾਪ੍ਰਸਤੀ ਬਾਰੇ ਗੱਲ ਕਰਦੇ ਹਨ ਪਰ ਲੋਕਾਂ ਵੱਲੋਂ ਕੀਤੇ ਗਏ ਸੰਘਰਸ਼ ਦੀ ਗੱਲ ਨਹੀਂ ਕਰਦੇ ਹਨ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਸਵਾਲ ਕੀਤਾ ਕਿ ਪਿਛਲੇ 7 ਸਾਲਾਂ ਵਿੱਚ ਦੇਸ਼ ਲਈ ਕੀ ਕੀਤਾ ਹੈ। ਪ੍ਰਿਯੰਕਾ ਨੇ ਦੋਸ਼ ਲਗਾਇਆ ਕਿ ਸਰਕਾਰ ਦੇਸ਼ ਦੇ ਲੋਕਾਂ ਤੇ ਕਿਸਾਨਾਂ ਦੀ ਭਲਾਈ ਲਈ ਕੰਮ ਕਰਨ ਦੀ ਬਜਾਏ ਆਪਣੇ ਚੋਣਵੇਂ ਸਨਅਤੀ ਦੋਸਤਾਂ ਵਾਸਤੇ ਹੀ ਕੰਮ ਕਰ ਰਹੀ ਹੈ। ਪ੍ਰਿਯੰਕਾ ਨੇ ਰੈਲੀ ਵਿੱਚ ਹਾਜ਼ਰ ਲੋਕਾਂ ਨੂੰ ਕਿਹਾ ਕਿ ਉਹ ਸਰਕਾਰ ਨੂੰ ਪੁੱਛਣ ਕਿ ਦੇਸ਼ ਵਿੱਚ ਏਨੀ ਮਹਿੰਗਾਈ ਕਿਉਂ ਹੈ। -ਪੀਟੀਆਈ