ਨਵੀਂ ਦਿੱਲੀ, 18 ਸਤੰਬਰ
ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਅੱਜ ਟਵਿੱਟਰ ’ਤੇ ਇਕ ਪੱਤਰ ਸਾਂਝਾ ਕਰਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਨੇ 2009 ਵਿੱਚ ‘ਪ੍ਰਾਜੈਕਟ ਚੀਤਾ’ ਦੀ ਸ਼ੁਰੂਆਤ ਕੀਤੀ ਅਤੇ ਭਾਰਤ ਵਿੱਚ ਚੀਤਿਆਂ ਨੂੰ ਲਿਆਉਣ ਲਈ ਪਿਛਲੀਆਂ ਸਰਕਾਰਾਂ ਵੱਲੋਂ ਰਚਨਾਤਮਕ ਕੋਸ਼ਿਸ਼ਾਂ ਨਾ ਕੀਤੇ ਜਾਣ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸ਼ਾਂ ’ਤੇ ਉਨ੍ਹਾਂ ਝੂਠਾ ਕਰਾਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਸ਼ਨਿਚਰਵਾਰ ਨੂੰ ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨਾ ਸੇਧਦਿਆ ਕਿਹਾ ਸੀ ਕਿ ਸੱਤ ਦਹਾਕੇ ਪਹਿਲਾਂ ਦੇਸ਼ ’ਚੋਂ ਅਲੋਪ ਹੋਣ ਤੋਂ ਬਾਅਦ ਭਾਰਤ ਵਿੱਚ ਚੀਤਿਆਂ ਨੂੰ ਮੁੜ ਲਿਆਉਣ ਲਈ ਕੋਈ ਰਚਨਾਤਮਕ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ।
ਰਮੇਸ਼ ਨੇ ਟਵੀਟ ਕੀਤਾ, ‘‘ਇਹ ਉਹ ਪੱਤਰ ਹੈ, ਜਿਸ ਰਾਹੀਂ 2009 ਵਿੱਚ ‘ਪ੍ਰਾਜੈਕਟ ਚੀਤਾ’ ਸ਼ੁਰੂ ਕੀਤਾ ਗਿਆ ਸੀ। ਸਾਡੇ ਪ੍ਰਧਾਨ ਮੰਤਰੀ ਝੂਠੇ ਹਨ। ਮੈਂ ਕੱਲ੍ਹ ਇਹ ਪੱਤਰ ਜਾਰੀ ਨਹੀਂ ਕਰ ਸਕਿਆ ਕਿਉਂਕਿ ਮੈਂ ‘ਭਾਰਤ ਛੋੜੋ ਯਾਤਰਾ’ ਵਿੱਚ ਵਿਅਸਤ ਸੀ।’’ ਟਵੀਟ ਦੇ ਨਾਲ ਉਨ੍ਹਾਂ ਨੇ ਉਹ ਪੱਤਰ ਸਾਂਝਾ ਕੀਤਾ, ਜੋ ਉਨ੍ਹਾਂ ਨੇ ਤਤਕਾਲੀ ਵਾਤਾਵਰਨ ਤੇ ਜੰਗਲਾਤ ਮੰਤਰੀ ਵਜੋਂ 2009 ਵਿੱਚ ਭਾਰਤੀ ਵਣਜੀਵ ਟਰੱਸਟ ਦੇ ਐੱਮ.ਕੇ. ਰੰਜੀਤ ਸਿੰਘ ਨੂੰ ਲਿਖਿਆ ਸੀ। ਪੱਤਰ ਵਿੱਚ ਰਮੇਸ਼ ਨੇ ਰੰਜੀਤ ਸਿੰਘ ਨੂੰ ਚੀਤਿਆਂ ਦੇ ਪੁਨਰਵਾਸ ਲਈ ਇਕ ਕਾਰਜ ਯੋਜਨਾ ਤਿਆਰ ਕਰਨ ਅਤੇ ਉਸ ਵਿੱਚ ਪੁਨਰਵਾਸ ਲਈ ਵੱਖ-ਵੱਖ ਸੰਭਾਵੀ ਥਾਵਾਂ ਦਾ ਵਿਸਥਾਰ ਵਿਸ਼ਲੇਸ਼ਣ ਸ਼ਾਮਲ ਕਰਨ ਨੂੰ ਕਿਹਾ ਸੀ। ਰਮੇਸ਼ ਦੀ ਇਸ ਟਿੱਪਣੀ ’ਤੇ ਭਾਰਤੀ ਜਨਤਾ ਪਾਰਟੀ ਵੱਲੋਂ ਤਤਕਾਲ ਕੋਈ ਪ੍ਰਤੀਕਿਰਿਆ ਨਹੀਂ ਆਈ। -ਪੀਟੀਆਈ