ਸ੍ਰੀਨਗਰ: ਅਤਿਵਾਦੀ ਗੁੱਟ ਜੈਸ਼-ਏ-ਮੁਹੰਮਦ ਦੇ ਇੱਕ ਉੱਚ ਸਰਗਰਮ ਕਾਰਕੁਨ ਨੂੰ ਅੱਜ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਕਸ਼ਮੀਰ ਜ਼ੋਨ ਪੁਲੀਸ ਨੇ ਆਪਣੇ ਅਧਿਕਾਰਤ ਟਵਿੱਟਰ ਖਾਤੇ ’ਤੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਨੀਬ ਸੋਫੀ, ਜੋ ਦੱਖਣੀ ਕਸ਼ਮੀਰ ’ਚ ਪੈਂਦੇ ਜ਼ਿਲ੍ਹਾ ਅਨੰਤਨਾਗ ਦੇ ਬਿਜਬਿਹਾੜਾ ਇਲਾਕੇ ਦਾ ਰਹਿਣ ਵਾਲਾ ਹੈ, ਨੂੰ ਕੁਲਗਾਮ ਜ਼ਿਲ੍ਹੇ ਦੀ ਪੁਲੀਸ ਪਾਰਟੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸੋਫੀ, ਪਾਕਿਤਸਾਨੀ ਅਤਿਵਾਦੀ ਵਲੀਦ ਭਾਈ, ਜੋ ਪਿਛਲੇ ਵਰ੍ਹੇ ਕੁਲਗਾਮ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਮਾਰਿਆ ਗਿਆ, ਲਈ ਕੰਮ ਕਰਦਾ ਸੀ। ਪੁਲੀਸ ਮੁਤਾਬਕ ਮੁਨੀਬ ਨੂੰ ਅੱਜ ਕਤਰ ਤੋਂ ਡਿਪੋਰਟ ਕੀਤਾ ਗਿਆ ਸੀ ਅਤੇ ਦਿੱਲੀ ਹਵਾਈ ਅੱਡੇ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। -ਪੀਟੀਆਈ