ਸ੍ਰੀਨਗਰ, 13 ਅਕਤੂਬਰ
ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਜੈਸ਼-ਏ-ਮੁਹੰਮਦ ਦਾ ਸਿਖਰਲਾ ਦਹਿਸ਼ਤੀ ਕਮਾਂਡਰ ਸ਼ਮਸੂਦੀਨ ਸੋਫ਼ੀ ਮਾਰਿਆ ਗਿਆ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਦੇ ਤਰਾਲ ਖੇਤਰ ਦੇ ਤਿਲਵਾਨੀ ਮੁਹੱਲਾ ਵਾਗੜ ਵਿੱਚ ਦਹਿਸ਼ਤਗਰਦਾਂ ਦੀ ਮੌਜੂਦਗੀ ਸਬੰਧੀ ਪੁਖਤਾ ਜਾਣਕਾਰੀ ਮਗਰੋਂ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਵਿੱਢੀ ਸੀ। ਇਸ ਦੌਰਾਨ ਉਥੇ ਲੁਕੇ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਦੁਵੱਲੀ ਗੋਲੀਬਾਰੀ ਵਿੱਚ ਇਕ ਦਹਿਸ਼ਤਗਰਦ ਮਾਰਿਆ ਗਿਆ। ਕਸ਼ਮੀਰ ਦੇ ਆਈਜੀਪੀ ਵਿਜੈ ਕੁਮਾਰ ਨੇ ਕਿਹਾ ਕਿ ਮਾਰੇ ਗਏ ਦਹਿਸ਼ਤਗਰਦ ਦੀ ਸ਼ਨਾਖਤ ਸ਼ਮਸੂਦੀਨ ਸੋਫ਼ੀ ਵਜੋਂ ਹੋਈ ਹੈ, ਜੋ ਜੈਸ਼-ਏ-ਮੁਹੰਮਦ ਦਾ ਸਿਖਰਲਾ ਕਮਾਂਡਰ ਸੀ। ਇਸ ਦੌਰਾਨ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਜੰਮੂ ਤੇ ਕਸ਼ਮੀਰ ਵਿੱਚ 18 ਵੱਖ ਵੱਖ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ ਦਹਿਸ਼ਤਗਰਦਾਂ ਦੀ ਮਦਦ ਕਰਨ ਵਾਲੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਵੱਖ ਵੱਖ ਦਹਿਸ਼ਤੀ ਸੰਗਠਨਾਂ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਤੇ ਨਵੀਂ ਦਿੱਲੀ ਸਮੇਤ ਹੋਰਨਾਂ ਅਹਿਮ ਸ਼ਹਿਰਾਂ ਵਿੱਚ ਹਮਲਿਆਂ ਦੀ ਸਾਜ਼ਿਸ਼ ਘੜਨ ਦੀ ਇਕ ਯੋਜਨਾ ਤੋਂ ਪਰਦਾ ਚੁੱਕੇ ਜਾਣ ਮਗਰੋਂ ਇਹ ਛਾਪੇ ਮਾਰੇ ਗਏ ਸਨ। ਐੱਨਆਈਏ ਨੇ 10 ਅਕਤੂਬਰ ਨੂੰ ਇਕ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਏਜੰਸੀ ਦੇ ਤਰਜਮਾਨ ਨੇ ਕਿਹਾ ਕਿ ਸ੍ਰੀਨਗਰ, ਪੁਲਵਾਮਾ ਤੇ ਸ਼ੋਪੀਆਂ ਜ਼ਿਲ੍ਹਿਆਂ ਵਿੱਚ ਮਾਰੇ ਛਾਪਿਆਂ ਦੌਰਾਨ ਜਿਨ੍ਹਾਂ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਉਨ੍ਹਾਂ ਵਿੱਚ ਵਸੀਮ ਅਹਿਮਦ ਸੋਫ਼ੀ, ਤਾਰਿਕ ਅਹਿਮਦ ਡਾਰ, ਬਿਲਾਲ ਅਹਿਮਦ ਉਰਫ਼ ‘ਬਿਲਾਲ ਫਾਫੂ’ ਤੇ ਤਾਰਿਕ ਅਹਿਮਦ ਬਾਫੰਦਾ ਸ਼ਾਮਲ ਹਨ ਇਹ ਸਾਰੇ ਸ੍ਰੀਨਗਰ ਦੇ ਵਸਨੀਕ ਦੱਸੇ ਜਾਂਦੇ ਹਨ। ਐੱਨਆਈਏ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਚਾਰੇ ਦਹਿਸ਼ਤਗਰਦਾਂ ਨੂੰ ਢੋਹਾ-ਢੁਹਾਈ ਦੇ ਨਾਲ ਹੋਰ ਸਾਜ਼ੋ ਸਾਮਾਨ ਮੁਹੱਈਆ ਕਰਵਾਉਂਦੇ ਸਨ। ਛਾਪਿਆਂ ਦੌਰਾਨ ਕਈ ਇਲੈਕਟ੍ਰਾਨਿਕ ਯੰਤਰ, ਭੜਕਾਊ ਜਹਾਦੀ ਸਮੱਗਰੀ ਤੇ ਸ਼ੱਕੀ ਵਿੱਤੀ ਲੈਣ ਦੇਣ ਬਾਰੇ ਕੁਝ ਦਸਤਾਵੇਜ਼ ਬਰਾਮਦ ਕੀਤੇ ਗਏ ਸਨ। -ਪੀਟੀਆਈ