ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 31 ਅਗਸਤ
ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦੀ ਮੀਟਿੰਗ ਤੋਂ ਪਹਿਲਾਂ, ਵਿਦੇਸ਼ ਮੰਤਰੀ ਐਸ਼ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਵਿਦੇਸ਼ ਮੰਤਰੀ ਵਜੋਂ ਇਹ ਪੂਰਾ ਯਕੀਨ ਹੈ ਕਿ ਉਨ੍ਹਾਂ ਦੇ ਅਮਰੀਕਾ ਨਾਲ ਡੁੁੂੰਘੇ ਸਬੰਧ ਹਨ। ਇਸ ਲਈ ਅਮਰੀਕਾ ਨੂੰ ‘ਭਰੋਸੇਯੋਗ ਭਾਰਤੀਆਂ’ ਨੂੰ ਵਧ ਤੋਂ ਵਧ ਵੀਜ਼ਾ ਦੇਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਹਮੇਸ਼ਾ ਅਮਰੀਕਾ ਦੀ ਤਰੱਕੀ ਵਿੱਚ ਵਧੇਰੇ ਯੋਗਦਾਨ ਪਾਇਆ ਹੈ। ਉਹ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਫੋਰਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਸ ਮੌਕੇ ਭਾਰਤ ਦੀ ਆਤਮ-ਨਿਰਭਰ ਮੁਹਿੰਮ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਵੱਲੋਂ ਕਈ ਹਥਿਆਰਾਂ ਦੀ ਦਰਾਮਦ ’ਤੇ ਰੋਕ ਲਾਏ ਜਾਣ ਦੇ ਫੈਸਲੇ ਬਾਅਦ ਅਮਰੀਕੀ ਹਥਿਆਰ ਸਪਲਾਇਰ ਕੰਪਨੀਆਂ ਨੂੰ ਇਸ ਦਾ ਬਦਲ ਤਲਾਸ਼ਣਾ ਹੋਵੇਗਾ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਦਾ ਵਿਕਾਸ ਪੂਰੇ ਖਿੱਤੇ ਨੂੰ ਉਭਾਰਨ ਵਾਲਾ ਹੋਣਾ ਚਾਹੀਦਾ ਹੈ। ਉਨ੍ਹਾਂ ਭਾਰਤ ਵੱਲੋਂ ਆਂਢ-ਗੁਆਂਢ ਵਿਚ ਜ਼ਿਆਦਾ ਨਿਵੇਸ਼ ਕਰਨ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਖੇਤਰੀ ਨਿਵੇਸ਼ ਹੋ ਤਾਂ ਰਿਹਾ ਹੈ ਪਰ ਇਸ ਨੂੰ ਹੋਰ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੰਪਰਕ ’ਚ ਵਾਧਾ ਕਰਨ ਦੀ ਵੀ ਲੋੜ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਤੇ ਖਿੱਤੇ ਦੀ ਵਿਆਪਕ ਤਰੱਕੀ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਲਗਭਗ ਸਾਰੇ ਗੁਆਂਢੀ ਦੇਸ਼ਾਂ ਨੂੰ ਬਿਜਲੀ ਤੇ ਤੇਲ ਸਪਲਾਈ ਕੀਤਾ ਹੈ। ਇਸ ਤੋਂ ਇਲਾਵਾ ਜਲ ਮਾਰਗ, ਬੰਦਰਗਾਹਾਂ, ਰੇਲ ਨੈੱਟਵਰਕ ਤੇ ਹੋਰ ਪ੍ਰਾਜੈਕਟ ਉਸਾਰੇ ਜਾ ਰਹੇ ਹਨ।