ਨਵੀਂ ਦਿੱਲੀ, 12 ਨਵੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਅਮਰੀਕੀ ਸੰਸਦ ਮੈਂਬਰਾਂ ਦੇ ਵਫ਼ਦ ਨਾਲ ਮੁਲਾਕਾਤ ਕਰਕੇ ਅਫ਼ਗਾਨਿਸਤਾਨ ਵਿੱਚ ਬਣ ਰਹੇ ਹਾਲਾਤ ਦੇ ਨਾਲ-ਨਾਲ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਸਥਿਤੀ ’ਤੇ ਵੀ ਚਰਚਾ ਕੀਤੀ ਹੈ। ਅਮਰੀਕੀ ਸੈਨੇਟਰ ਜੌਹਨ ਕੌਰਨਿਨ ਦੀ ਅਗਵਾਈ ਵਾਲਾ ਵਫ਼ਦ ਭਾਰਤ ਦੌਰੇ ’ਤੇ ਆਇਆ ਹੈ।
ਜੈਸ਼ੰਕਰ ਨੇ ਟਵੀਟ ਕੀਤਾ, ‘‘ਅੱਜ ਸੈਨੇਟਰ ਜੌਹਨ ਕੌਰਨਿਨ ਦੀ ਅਗਵਾਈ ਵਾਲੇ ਅਮਰੀਕੀ ਸੰਸਦ ਮੈਂਬਰਾਂ ਦੇ ਵਫ਼ਦ ਨਾਲ ਦਿੱਲੀ ਵਿੱਚ ਮੁਲਾਕਾਤ ਕਰਕੇ ਖੁਸ਼ੀ ਹੋਈ ਹੈ। ਦੁਵੱਲੇ ਸਹਿਯੋਗ ਅਤੇ ਭਾਰਤ ਪ੍ਰਸ਼ਾਂਤ ਅਤੇ ਅਫ਼ਗਾਨਿਸਤਾਨ ਸਣੇ ਖੇਤਰੀ ਮੁੱਦਿਆਂ ’ਤੇ ਉਸਾਰੂ ਚਰਚਾ ਹੋਈ।’’ ਭਾਰਤ, ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਬਜ਼ੇ ਤੋਂ ਬਾਅਦ ਖੇਤਰੀ ਸੁਰੱਖਿਆ ਸਬੰਧੀ ਸੰਭਾਵਿਤ ਮੁਸ਼ਕਲਾਂ ਨੂੰ ਲੈ ਕੇ ਫਿਕਰਮੰਦ ਹੈ।
ਅਮਰੀਕੀ ਵਫ਼ਦ ਵੱਲੋਂ ਭਾਰਤ ਦਾ ਇਹ ਦੌਰਾ ਅਮਰੀਕੀ ਉੱਪ ਵਿਦੇਸ਼ ਸਕੱਤਰ ਵੈਂਡੀ ਸ਼ਰਮਨ ਵੱਲੋਂ ਦਿੱਲੀ ਵਿੱਚ ਆਪਣੇ ਭਾਰਤੀ ਵਾਰਤਾਕਾਰਾਂ ਨਾਲ ਅਫ਼ਗਾਨਿਸਤਾਨ ਸੰਕਟ ਬਾਰੇ ਵਿਆਪਕ ਗੱਲਬਾਤ ਦੇ ਇੱਕ ਮਹੀਨੇ ਤੋਂ ਵੱਧ ਸਮੇਂ ਬਾਅਦ ਕੀਤਾ ਜਾ ਰਿਹਾ ਹੈ। ਸ਼ਰਮਨ ਨੇ ਆਪਣੇ ਦੌਰੇ ਦੌਰਾਨ ਕਿਹਾ ਸੀ ਕਿ ਅਮਰੀਕਾ ਲਈ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ‘ਸਭ ਤੋਂ ਪਹਿਲਾਂ ਅਤੇ ਮਹੱਤਵਪੂਰਨ’ ਹੋਣਗੀਆਂ। ਜ਼ਿਕਰਯੋਗ ਹੈ ਕਿ ਭਾਰਤ ਅਤੇ ਅਮਰੀਕਾ ਵੱਲੋਂ ਅਫ਼ਗਾਨਿਸਤਾਨ ਨਾਲ ਸਬੰਧਿਤ ਮੁੱਦਿਆਂ ’ਤੇ ਲਗਾਤਾਰ ਗੱਲਬਾਤ ਅਤੇ ਸਲਾਹ ਮਸ਼ਵਰੇ ਕੀਤੇ ਜਾ ਰਹੇ ਜਾ ਰਹੇ ਹਨ। ਦੋਵਾਂ ਦੇੇਸ਼ਾਂ ਵੱਲੋਂ ਚੀਨ ਦੇ ਲਿਹਾਜ਼ ਤੋਂ ਵੀ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਸਹਿਯੋਗ ਵਧਾਇਆ ਜਾ ਰਿਹਾ ਹੈ। -ਪੀਟੀਆਈ