ਨਵੀਂ ਦਿੱਲੀ, 21 ਜੂਨ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਆਪਣੇ ਸ੍ਰੀਲੰਕਾਈ ਹਮਰੁਤਬਾ ਦਿਨੇਸ਼ ਗੁਨਾਵਰਧਨੇ ਨਾਲ ਗੱਲਬਾਤ ਕੀਤੀ। ਦੋਵੇਂ ਆਗੂਆਂ ਨੇ ਦੁਵੱਲੇ ਮੁੱਦਿਆਂ ਸਮੇਤ ਸੱਤ ਮੁਲਕਾਂ ਦੇ ਗੁੱਟ ਬਿਮਸਟੈਕ ਤਹਿਤ ਖੇਤਰੀ ਸਹਿਯੋਗ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਇਹ ਵਾਰਤਾ ਉਸ ਸਮੇਂ ਹੋਈ ਹੈ ਜਦੋਂ ਭਾਰਤ ਵੱਲੋਂ ਸ੍ਰੀਲੰਕਾ ’ਚ ਚੀਨ ਦੇ ਸਮਰਥਨ ਨਾਲ ਬਣਾਏ ਜਾ ਰਹੇ ਕੋਲੰਬੋ ਪੋਰਟ ਸਿਟੀ ਪ੍ਰਾਜੈਕਟ ਸਬੰਧੀ ਚਿੰਤਾ ਜਤਾਈ ਜਾ ਰਹੀ ਹੈ। ਵੀਰਵਾਰ ਨੂੰ ਆਨਲਾਈਨ ਮੀਡੀਆ ਕਾਨਫਰੰਸ ਦੌਰਾਨ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਸੀ ਕਿ ਭਾਰਤ ਆਪਣੀ ਸੁਰੱਖਿਆ ਦੇ ਨਜ਼ਰੀਏ ਨਾਲ ਮੌਜੂਦਾ ਘਟਨਾਕ੍ਰਮ ’ਤੇ ਨੇੜਿਉਂ ਨਜ਼ਰ ਰੱਖ ਰਿਹਾ ਹੈ। ਬਾਗਚੀ ਨੇ ਆਸ ਜਤਾਈ ਸੀ ਕਿ ਸ੍ਰੀਲੰਕਾ ਦੁਵੱਲੇ ਸਹਿਯੋਗ ਨੂੰ ਧਿਆਨ ’ਚ ਰੱਖ ਕੇ ਅਹਿਮ ਫ਼ੈਸਲੇ ਲਵੇਗਾ। ਸ੍ਰੀ ਜੈਸ਼ੰਕਰ ਨੇ ਆਪਣੇ ਨੌਰਵੇ ਦੇ ਹਮਰੁਤਬਾ ਇਨੇ ਐਰਿਕਸਨ ਸੋਰੀਡੇ ਨਾਲ ਵੀ ਵਰਚੁਅਲੀ ਗੱਲਬਾਤ ਕੀਤੀ। -ਪੀਟੀਆਈ