ਨਵੀਂ ਦਿੱਲੀ, 7 ਜੂਨ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਖਾੜੀ ਦੇਸ਼ਾਂ ਨਾਲ ਭਾਰਤ ਦੇ ਸਮਝੌਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਮਕਸਦ ਨਾਲ 9 ਜੂਨ ਨੂੰ ਕੁਵੈਤ ਦੌਰੇ ’ਤੇ ਜਾ ਸਕਦੇ ਹਨ। ਕੂਟਨੀਤਕ ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦੇਸ਼ ਮੰਤਰੀ ਇਹ ਦੌਰਾ ਦੋਵਾਂ ਦੇਸ਼ਾਂ ਵੱਲੋਂ ਊਰਜਾ, ਵਪਾਰ, ਮਨੁੱਖੀ ਸ਼ਕਤੀ ਤੇ ਲੇਬਰ ਅਤੇ ਸੂਚਨਾ ਤਕਨੀਕੀ ਆਦਿ ਸੈਕਟਰਾਂ ’ਚ ਸਮਝੌਤੇ ਮਜ਼ਬੂਤ ਕਰਨ ਲਈ ਸਾਂਝਾ ਮਨਿਸਟੀਰੀਅਲ ਕਮਿਸ਼ਨ ਕਾਇਮ ਕਰਨ ਦਾ ਫ਼ੈਸਲਾ ਕਰਨ ਤੋਂ ਤਿੰਨ ਮਹੀਨੇ ਬਾਅਦ ਕਰਨ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕੁਵੈਤ ਦੇ ਵਿਦੇਸ਼ ਮੰਤਰੀ ਸ਼ੇਖ ਅਹਿਮਦ ਨਸੀਰ ਅਲ-ਮੁਹੰਮਦ-ਅਲ-ਸਬਾ ਇਸ ਸਾਲ ਮਾਰਚ ਮਹੀਨੇ ਭਾਰਤ ਦੌਰੇ ’ਤੇ ਆਏ ਸਨ, ਜਦੋਂ ਦੋਵਾਂ ਧਿਰਾਂ ਵੱਲੋਂ ਸਾਂਝਾ ਕਮਿਸ਼ਨ ਕਾਇਮ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਸ੍ਰੀ ਜੈਸ਼ੰਕਰ ਵੱਲੋਂ ਇਸ ਸਬੰਧ ’ਚ ਕੁਵੈਤ ਦੇ ਅਮੀਰ ਸ਼ੇਖ ਨਵਾਫ਼ ਅਲ-ਅਹਿਮਦ-ਅਲ-ਸਬਾ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਪੱਤਰ ਲੈ ਕੇ ਜਾਣ ਦੀ ਵੀ ਸੰਭਾਵਨਾ ਹੈ। -ਪੀਟੀਆਈ