ਨਵੀਂ ਦਿੱਲੀ, 3 ਸਤੰਬਰ
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ 10 ਸਤੰਬਰ ਨੂੰ ਮਾਸਕੋ ਵਿੱਚ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੈੱਸਸੀਓ) ਦੇ ਮੈਂਬਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਹੋਣ ਵਾਲੀ ਮੀਟਿੰਗ ਲਈ ਰੂਸ ਜਾਣਗੇ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਬੁੱਧਵਾਰ ਤੋਂ ਤਿੰਨ ਰੋਜ਼ਾ ਫੇਰੀ ਲਈ ਰੂਸ ਵਿੱਚ ਹਨ। ਰੱਖਿਆ ਮੰਤਰੀ ਉਥੇ ਐਸਸੀਓ ਰੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਵੀ ਸ਼ਿਰਕਤ ਕਰਨਗੇ। ਜੈਸ਼ੰਕਰ ਦੀ ਫੇਰੀ ਦੌਰਾਨ ਆਪਣੇ ਚੀਨੀ ਹਮਰੁਤਬਾ ਨਾਲ ਮੁਲਾਕਾਤ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਜਾਣ ’ਤੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਉਨ੍ਹਾਂ (ਜੈਸ਼ੰਕਰ) ਦੀ ਫੇਰੀ ਦਾ ਸ਼ਡਿਊਲ ਨਿਰਧਾਰਿਤ ਹੋਣ ਮਗਰੋਂ ਇਸ ਦਾ ਜਵਾਬ ਦਿੱਤਾ ਜਾਵੇਗਾ। ਇਸ ਦੌਰਾਨ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਮੈਂਬਰ ਮੁਲਕਾਂ ਦੀ ਸਿਖਰ ਵਾਰਤਾ 30 ਨਵੰਬਰ ਨੂੰ ਭਾਰਤ ਦੀ ਮੇਜ਼ਬਾਨੀ ਵਿੱਚ ਹੋਵੇਗੀ। -ਪੀਟੀਆਈ