ਲਾਹੌਰ, 14 ਅਕਤੂਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਭਲਕੇ ਮੰਗਲਵਾਰ ਨੂੰ ਪਾਕਿਸਤਾਨ ਪਹੁੰਚਣਗੇ। ਕਈ ਸਾਲਾਂ ਤੋਂ ਦੋਵੇਂ ਗੁਆਂਢੀ ਮੁਲਕਾਂ ਵਿਚਕਾਰ ਸਬੰਧਾਂ ’ਚ ਜਾਰੀ ਤਣਾਅ ਦਰਮਿਆਨ ਭਾਰਤ ਵੱਲੋਂ ਪਾਕਿਸਤਾਨ ਦਾ ਇਹ ਪਹਿਲਾ ਉੱਚ ਪੱਧਰੀ ਦੌਰਾ ਹੋਵੇਗਾ। ਜਾਣਕਾਰੀ ਮੁਤਾਬਕ ਜੈਸ਼ੰਕਰ ਪਾਕਿਸਤਾਨ ’ਚ 24 ਘੰਟੇ ਤੋਂ ਵੀ ਘੱਟ ਸਮੇਂ ਤੱਕ ਪਾਕਿਸਤਾਨ ਰੁਕਣਗੇ। ਪਾਕਿਸਤਾਨ 15 ਅਤੇ 16 ਅਕਤੂਬਰ ਨੂੰ ਐੱਸਸੀਓ ਮੁਲਕਾਂ ਦੇ ਮੁਖੀਆਂ ਦੀ ਪਰਿਸ਼ਦ ਦੀ ਮੇਜ਼ਬਾਨੀ ਕਰ ਰਿਹਾ ਹੈ। ਉਂਜ ਪਾਕਿਸਤਾਨ ਨੇ ਐੱਸਸੀਓ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਅਗਸਤ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਭੇਜਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਇਸਲਾਮਾਬਾਦ ਪੁੱਜਣ ਮਗਰੋਂ ਵਿਦੇਸ਼ ਮੰਤਰੀ ਜੈਸ਼ੰਕਰ ਐੱਸਸੀਓ ਮੈਂਬਰ ਮੁਲਕਾਂ ਦੇ ਸਵਾਗਤ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੱਲੋਂ ਦਿੱਤੇ ਰੱਖੇ ਭੋਜ ’ਚ ਸ਼ਾਮਲ ਹੋਣਗੇ। ਦੋਵੇਂ ਮੁਲਕਾਂ ਨੇ ਐੱਸਸੀਓ ਮੁਲਕਾਂ ਦੇ ਮੁਖੀਆਂ ਦੇ ਸਿਖਰ ਸੰਮੇਲਨ ਤੋਂ ਵੱਖਰੇ ਜੈਸ਼ੰਕਰ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਇਸ਼ਾਕ ਡਾਰ ਵਿਚਕਾਰ ਕਿਸੇ ਵੀ ਦੁਵੱਲੀ ਵਾਰਤਾ ਤੋਂ ਇਨਕਾਰ ਕੀਤਾ ਹੈ। ਕਰੀਬ ਨੌਂ ਸਾਲ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਦੇ ਵਿਦੇਸ਼ ਮੰਤਰੀ ਪਾਕਿਸਤਾਨ ਦਾ ਦੌਰਾ ਕਰਨਗੇ ਜਦਕਿ ਕਸ਼ਮੀਰ ਤੇ ਸਰਹੱਦ ਪਾਰੋਂ ਅਤਿਵਾਦ ਨੂੰ ਲੈ ਕੇ ਦੋਵੇਂ ਗੁਆਂਢੀ ਮੁਲਕਾਂ ਵਿਚਕਾਰ ਸਬੰਧਾਂ ’ਚ ਅਜੇ ਵੀ ਤਣਾਅ ਹੈ। ਪਾਕਿਸਤਾਨ ਦਾ ਦੌਰਾ ਕਰਨ ਵਾਲੀ ਭਾਰਤ ਦੀ ਆਖਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੀ। -ਪੀਟੀਆਈ